ਭਾਸ਼ਾ ਵਿਭਾਗ ਪੰਜਾਬ ਵਲੋਂ ਪਹਿਲੀ ਵਾਰ ਸਾਹਿਤਕ ਪੱਤਰਕਾਰੀ ਦੇ ਖੇਤਰ ਵਿਚ ਸ਼੍ਰੋਮਣੀ ਸਾਹਿਤਕ ਪੱਤਰਕਾਰ ਪੁਰਸਕਾਰ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਖੇਤਰ ਦਾ ਪਹਿਲਾ ਇਨਾਮ ਸਿਰਜਣਾ ਦੇ ਸੰਪਾਦਕ ਡਾ. ਰਘਵੀਰ ਸਿੰਘ ਸਿਰਜਣਾ ਨੂੰ ਮਿਲਿਆ ਹੈ।ਇਸ ਪੁਰਸਕਾਰ ਸੰਬੰਧੀ ਖ਼ਬਰਾਂ ਪੜ੍ਹਨ ਤੋਂ ਬਾਅਦ ਇਕ ਵਾਰ ਫਿਰ ਵਿਦਿਆਰਥੀਆਂ ਵਲੋਂ ਸਾਹਿਤਕ ਪੱਤਰਕਾਰੀ ਬਾਰੇ ਸਵਾਲਾਂ ਦਾ ਸਿਲਸਿਲਾ ਤੇਜ਼ ਹੋਇਆ ਹੈ। ਇਸ ਦਾ ਕਾਰਨ ਹੋਰ ਵੀ ਹੋ ਸਕਦਾ ਹੈ ਕਿ ਪੱਤਰਕਾਰੀ ਦਾ ਪ੍ਰਾਅਧਿਆਪਕ ਹੋਣ ਦੇ ਨਾਲ ਨਾਲ ਮੇਰੀ ਖੋਜ ਦਾ ਵਿਸ਼ਾ ਵੀ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨਾਲ ਸਬੰਧਿਤ ਰਿਹਾ ਹੈ। ਪੱਤਰਕਾਰੀ ਅਤੇ ਸਾਹਿਤ ਬਾਰੇ ਤਾਂ ਆਮ ਲੋਕਾਂ ਨੂੰ ਕਾਫੀ ਜਾਣਕਾਰੀ ਹੈ ਪਰ
ਸਾਹਿਤਕ ਪੱਤਰਕਾਰੀ ਬਾਰੇ ਅਜੇ ਉਨ੍ਹਾਂ ਦਾ ਗਿਆਨ ਸੀਮਤ ਹੈ।
ਅਸਲ ਵਿਚ ਪੱਤਰਕਾਰੀ ਅਤੇ ਸਾਹਿਤ ਦਾ ਗੂੜ੍ਹਾ ਰਿਸ਼ਤਾ ਹੈ। ਹਰ ਭਾਸ਼ਾ ਵਿਚ ਸਾਹਿਤ ਦਾ ਪ੍ਰਸਾਰ ਅਤੇ ਸੰਚਾਰ ਕਰਨ ਵਿਚ ਪੱਤਰਕਾਰੀ ਦੀ ਭੂਮਿਕਾ ਅਹਿਮ ਰਹੀ ਹੈ। ਸਮੇਂ ਸਮੇਂ ਤੇ ਪੱਤਰਕਾਰੀ ਵਿਚ ਤਰ੍ਹਾਂ ਦੇ ਪ੍ਰਯੋਗ ਹੁੰਦੇ ਰਹੇ ਹਨ। ਕਦੇ ਪੱਤਰਕਾਰੀ ਸਿਰਫ਼ ਸਾਹਿਤ ਦੇ ਵੱਖ ਵੱਖ ਰੂਪਾਂ ਨੂੰ ਸੰਚਾਰਤ ਕਰਨ ਦਾ ਕਾਰਜ ਕਰਦੀ ਰਹੀ ਹੈ ਅਤੇ ਕਦੇ ਪੱਤਰਕਾਰਾਂ ਨੇ ਆਪਣੀਆਂ ਤੱਥ ਮਈ ਲਿਖਤਾਂ ਨੂੰ ਕਲਪਨਾ ਦੀ ਪੁੱਨ ਚਾੜ ਕੇ ਸਾਹਿਤਕ ਭਾਸ਼ਾ ਵਿਚ ਲਿਖਤ ਦੇ ਪ੍ਰਯੋਗ ਕੀਤੇ ਹਨ। ਇਨ੍ਹਾਂ ਪ੍ਰਯੋਗਾਂ ਲਈ 'ਸਾਹਿਤਕ ਪੱਤਰਕਾਰੀ' ਅਤੇ 'ਨਵੀਂ ਪੱਤਰਕਾਰੀ' ਆਦਿ ਨਾਮ ਰੱਖੇ ਗਏ। ਅੰਗਰੇਜ਼ੀ ਵਿਚ 1937 ਵਿਚ ਪਹਿਲੀ ਵਾਰ 'ਸਾਹਿਤਕ ਪੱਤਰਕਾਰੀ' (:ਜਵਕਗ਼ਗਖ ੲਰਚਗਅ਼;ਜਤਠ) ਸ਼ਬਦ ਦੀ ਵਰਤੋਂ ਕੀਤੀ ਗਈ ਇਸ 1960 ਵਿਚ ਅਜਿਹੀ ਪੱਤਰਕਾਰੀ ਲਈ ਨਵੀ ਪੱਤਰਕਾਰੀ (ਟਕਮ ੲਰਚਗਅ਼;ਜਤਠ) ਸ਼ਬਦ ਵੀ ਪ੍ਰਯੋਗ ਵਿਚ ਲਿਆਂਦਾ ਗਿਆ। ਪੰਜਾਬੀ ਵਿਚ ਅਜਿਹੀਆਂ ਤੱਥ ਮੁਖੀ ਪੱਤਰਕਾਰਿਕ ਲਿਖਤਾਂ, ਜਿਨ੍ਹਾਂ ਨੂੰ ਗਲਪ ਦੀ ਵਿਧੀ ਵਿਚ ਲਿਖਿਆ ਗਿਆ ਹੋਵੇ, ਗਾਲਪਨਿਕ ਪੱਤਰਕਾਰੀ ਦਾ ਨਾਮ ਦਿਤਾ ਗਿਆ। ਪ੍ਰੰਤੂ ਵਿਦਵਾਨਾਂ ਵਿਚ ਇਹ ਹਮੇਸ਼ਾ ਵਾਦ-ਵਿਵਾਦ ਦਾ ਵਿਸ਼ਾ ਬਣਿਆ ਰਿਹਾ।
ਪੱਤਰਕਾਰੀ ਅਤੇ ਸਾਹਿਤ ਦੋਵਾਂ ਵਰਤਾਰਿਆਂ ਵਿਚ ਰਿਸ਼ਤੇ ਨੂੰ ਸਪਸ਼ਟ ਕਰਕੇ ਹੀ ਸਾਹਿਤਕ ਪੱਤਰਕਾਰੀ ਨੂੰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਉਤਮ ਸਾਹਿਤ ਦੀ ਪਰਿਭਾਸ਼ਾ ਭਾਰਤੀ ਸੰਕਲਪ, 'ਸੱਤਿਯਮ, ਸ਼ਿਵਮ, ਸੁੰਦਰਸ' ਵਿਚ ਸਮੋਈ ਪਈ ਹੈ, ਚੰਗੇ ਸਾਹਿਤ ਦਾ ਮਨੋਰਥ ਸਪਸ਼ਟ ਪ੍ਰਗਟਾਵਾ, ਸਹੁਜ ਸਵਾਦ ਦੀ ਤ੍ਰਿਪਤੀ ਅਤੇ ਸ੍ਰਿਸ਼ਟ ਮਨੁੱਖੀ ਆਦਰਸ਼ਾਂ ਦੀ ਪ੍ਰਤੀ ਪਾਲਣਾ ਸੁਖਾਉਣਾ ਹੈ। ਪੱਤਰਕਾਰੀ ਦਾ ਆਦੇਸ਼ ਵੀ ਸਾਹਿਤ ਦੇ ਇਨ੍ਹਾਂ ਤਿੰਨਾਂ ਮਨੋਰਥਾਂ ਤੋਂ ਇਲਾਵਾ ਸੰਸਾਰ ਦੇ ਲੋਕ ਸੰਦਰਭੀ ਤੱਤ-ਕਾਲੀਨ ਵਰਤਾਰਿਆਂ ਬਾਰੇ ਜਾਣਕਾਰੀ ਦੇਣਾ ਹੈ।
ਪੱਤਰਕਾਰੀ ਤੇ ਸਾਹਿਤ ਦੋਵਾਂ ਦਾ ਕਾਰਜ ਖੇਤਰ ਗਿਆਨ ਦੇ ਪ੍ਰਸਾਰ ਲਈ ਮਾਧਿਅਮ ਪ੍ਰਦਾਨ ਕਰਨਾ ਹੈ। ਸਾਹਿਤ ਪ੍ਰਚਲਤ ਕਰਨ ਵਿਚ ਪੱਤਰ-ਪੱਤਰਕਾਵਾਂ ਦਾ ਬਹੁਤ ਯੋਗਦਾਨ ਹੈ। ਪੱਤਰਕਾਰੀ ਦੀ ਇਕ ਦ੍ਰਿਸ਼ਟੀ ਨਾਲ ਸਮਾਜਿਕ ਚੇਤਨਾ ਦਾ ਹੀ ਪ੍ਰਮੁਖ ਅੰਗ ਹੈ, ਉਸ ਵਿਚ ਸਾਹਿਤ ਦੀ ਤਰ੍ਹਾਂ ਸਭਕਾਲੀਕ ਅਤੇ ਚਿੰਤਨ ਭਾਵੇਂ ਨਾ ਹੋਵੇ ਪ੍ਰੰਤੂ ਉਹ ਆਪਣੀ ਸੀਮਾ ਵਿਚ ਜਿਸ ਸਾਹਿਤ ਨੂੰ ਸਮੇਟ ਲੈਂਦੀ ਹੈ, ਉਹ ਕਾਲ ਤੇ ਪ੍ਰਭਾਵ ਪਾਉਣ ਵਾਲਾ ਸਿੱਧ ਹੁੰਦਾ ਹੈ। ਅਲ ਵਿਚ ਦੋਵਾਂ ਦਾ ਇਕ ਅਨੋਖਾ ਰਿਸ਼ਤਾ ਹੈ, ਇਕੋ ਸਮੇਂ ਸਾਂਝ ਅਤੇ ਵਖਰੇਵੇਂ ਦਾ ਰਿਸ਼ਤਾ। ਪੱਤਰਕਾਰੀ ਅਤੇ ਸਾਹਿਤ ਦਾ ਸੋਮਾ ਜੀਵਨ ਹੋਣ ਦੇ ਬਾਵਜੂਦ ਦੋਵਾਂ ਦੀ ਸਿਰਜਣ ਪ੍ਰਕਿਰਿਆ, ਉਦੇਸ਼, ਭਾਸ਼ਾ ਪ੍ਰਯੋਗ, ਪੇਸ਼ਕਾਰੀ ਦੇ ਢੰਗ ਅਤੇ ਪਾਠਕ ਵਰਗ ਵਿਚ ਅੰਤਰ ਹੈ।
ਸਾਹਿਤ ਆਪਣੇ ਉਦੇਸ਼, ਸਮੱਗਰੀ, ਸ਼ੈਲੀ ਅਤੇ ਵਿਧਾ ਅਨੁਸਾਰ ਪੱਤਰਕਾਰੀ ਨਾਲੋਂ ਵਧੇਰੇ ਪਾਏਦਾਰ ਅਤੇ ਪਾਠਕਾਂ ਦਾ ਪੱਥ ਪ੍ਰਦਰਸ਼ਨ ਵਧੇਰੇ ਕਰਦਾ ਹੈ। ਸਾਹਿਤ ਮਨੁੱਖੀ ਜ਼ਿੰਦਗੀ ਦੇ ਮੁਢਲੇ ਮੁੱਦਿਆਂ ਨੂੰ ਹੱਥ ਪਾਉਂਦਾ ਹੈ ਅਤੇ ਪੱਤਰਕਾਰੀ ਚਲੰਤ ਨੂੰ। ਸਾਹਿਤ ਮਨੁੱਖੀ ਜ਼ਿੰਦਗੀ ਦੇ ਸਮੁੰਦਰ ਨੂੰ ਇਕ ਪਣ-ਡੁੱਬੀ ਵਾਂਗ ਧੁਰ ਅੰਦਰ ਤੇ ਅੰਤਲੀਆਂ ਡੁੰਘਾਈਆਂ ਤੱਕ ਰਿੜਕਣ ਦੀ ਕੋਸ਼ਿਸ਼ ਕਰਦਾ ਹੈ। ਪੱਤਰਕਾਰੀ ਇਸ ਦੀ ਸਤਹ ਤੇ ਰਹਿ ਕੇ ਦ੍ਰਿਸ਼ਟਮਾਨ ਤੇ ਪ੍ਰਤੱਖ ਨੂੰ ਹੀ ਪਕੜ ਪਾਉਂਦੀ ਹੈ ਇਉਂ ਸਾਹਿਤ ਜਿਥੇ ਜਿੰਦਗੀ ਦੇ ਦਰਸ਼ਨ ਦੀ ਗੱਲ ਕਰਦੀ ਹੈ ਉਥੇ ਪੱਤਰਕਾਰੀ ਨਿਤ ਦੇ ਕਾਰ-ਵਿਹਾਰੀ ਜੀਵਨ ਤੱਕ ਹੀ ਸੀਮਤ ਰਹਿੰਦੀ ਹੈ।
ਸਾਹਿਤ ਅਤੇ ਪੱਤਰਕਾਰੀ ਦੋਨੇ ਜੀਵਨ ਨਾਲ ਸੰਬੰਧਿਤ ਹਨ। ਸਾਹਿਤ ਦਾ ਲੱਛਣ ਸਦੀਵਤਾ ਹੈ ਅਤੇ ਪੱਤਰਕਾਰੀ ਦਾ ਲੱਛਣ ਅਲਪਕਾਲੀਤਾ ਅਥਵਾ ਸਾਮਿਕਤਾ ਹੈ। ਪੱਤਰਕਾਰੀ ਦਾ ਸੰਬੰਧ ਮੁਖ ਤੌਰ ਤੇ ਵਰਤਮਾਨ ਨਾਲ ਅਤੇ ਸਾਹਿਤ ਦਾ ਸੰਬੰਧ ਭੂਤ, ਭਵਿੱਖ ਅਤੇ ਵਰਤਮਾਨ ਤਿੰਨਾਂ ਨਾਲ ਹੈ। ਪੱਤਰਕਾਰ ਜਨ-ਜੀਵਨ ਦੀਆਂ ਅੱਜ ਦੀਆਂ ਜ਼ਰੂਰਤਾਂ ਬਾਰੇ ਸੋਚਦਾ ਹੈ ਅਤੇ ਵੇਖਦਾ ਹੈ, ਕਿਉਂਕਿ ਉਸਦੇ ਲਈ ਜਨ-ਜੀਵਨ ਦੀ ਇੱਛਾ ਅਧਿਕ ਮਹੱਤਵਪੂਰਨ ਹੈ। ਇਸ ਦੇ ਉਲਟ ਸਾਹਿਤਕਾਰ ਲਈ ਜੀਵਨ ਦਾ ਸੱਚ ਜ਼ਿਆਦਾ ਮਹੱਤਵਪੂਰਨ ਹੈ ਉਹ ਸੰਪੂਰਨ ਮਨੁੱਖੀ ਜੀਵਨ ਦੇ ਰਹੱਸ ਨੂੰ ਸਮਝਣ ਦਾ ਯਤਨ ਕਰਦਾ ਹੈ।
ਬਹੁਤੇ ਵਿਦਵਾਨ ਦੋਵਾਂ ਨੂੰ ਇਕ ਦੂਜੇ ਦੇ ਸਹਾਇਕ, ਜੀਵਨ ਰੂਪੀ ਸਿੱਕੇ ਦੇ ਦੋ ਪਾਸੇ ਸਮਝਦੇ ਹਨ। ਦੋਵਾਂ ਦਾ ਕਾਰਜ ਖੇਤਰ ਜੀਵਨ ਪ੍ਰਤੀ ਜ਼ਾਹਰੀ ਅਤੇ ਬਾਤਨੀ ਮਾਧਿਅਮ ਪ੍ਰਦਾਨ ਕਰਨਾ ਹੈ ਜਿਥੇ ਪੱਤਰ ਲੱਖਾਂ ਦੀ ਗਿਣਤੀ ਵਿਚ ਹਰ ਰੋਜ਼ ਛਪਦੇ ਹਨ। ਉਥੇ ਸਾਹਿਤਕ ਪੁਸਤਕਾਂ ਦੀ ਪ੍ਰਕਾਸ਼ਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਬੇਸ਼ੱਕ ਸਾਹਿਤ ਦੈਨਿਕ, ਸਪਤਾਹਿਕ ਅਤੇ ਮਾਸਕ ਪੱਤਰ ਵਿਚ ਛਪ ਕੇ ਲੱਖਾਂ ਪਾਠਕਾਂ ਤੱਕ ਪੁੱਜਦਾ ਹੈ ਪਰ ਅਜਿਹੇ ਸਾਹਿਤ ਦੀ ਉਮਰ ਪੱਤਰ ਦੀ ਅਵਧੀ ਤੱਕ ਹੁੰਦੀ ਹੈ। ਉਹ ਚਿਰ ਕਾਲੀਨ ਕੇਵਲ ਪੁਸਤਕੀ ਰੂਪ ਵਿਚ ਛਪ ਕੇ ਹੁੰਦਾ ਹੈ।
ਪੱਤਰਕਾਰੀ ਅਤੇ ਸਾਹਿਤ ਦੀ ਸਿਰਜਣ ਪ੍ਰਕਿਰਿਆ ਵਿਚ ਵੀ ਬਹੁਤ ਅੰਤਰ ਹੈ। ਸੰਸਾਰ ਵਿਚ ਨਿੱਤ ਵਾਪਰ ਰਹੀਆਂ ਘਟਨਾਵਾਂ, ਪਿਆਰ, ਵਿਆਹ, ਲੜਾਈ ਝਗੜੇ, ਪਰਉਪਕਾਰ, ਰੋਹ, ਹੇਰ-ਫੇਰ, ਗੁਨਾਹ, ਦੰਭ ਆਦਿ ਸਾਰਾ ਕੁਝ ਪੱਤਰਕਾਰੀ ਦੀ ਵੀ ਸੋਚ ਸਮੱਗਰੀ ਹੈ ਅਤੇ ਸਾਹਿਤ ਦੀ ਵੀ ਪ੍ਰੰਤੂ ਇਕ ਉਸ ਨੂੰ ਕਲਪਨਾ ਦੀ ਪੁੱਠ ਨਾਲ ਆਪਣੇ ਆਪ ਨੂੰ ਵਿਚ ਸਮੇਟ ਕੇ ਸੁੰਦਰ ਸ਼ੈਲੀ ਵਿਚ ਸੰਦੀਵੀ ਮਨੁੱਖੀ ਭਾਵਾਂ ਦੇ ਪ੍ਰਗਟਾਓ ਵਜੋਂ ਪੇਸ਼ ਕਰਦਾ ਹੈ ਜਦ ਕਿ ਦੂਜਾ ਮਹਿਜ਼ ਜਗ ਬੀਤੀ ਵਜੋਂ। ਪਹਿਲਾ ਸਾਹਿਤਕਾਰ ਅਤੇ ਦੂਜਾ ਪੱਤਰਕਾਰ।
ਅਸਲ ਵਿਚ ਪੱਤਰਕਾਰੀ ਤੇ ਸਾਹਿਤ ਅਤੇ ਮਨੋਰਥ ਵੀ ਇਨ੍ਹਾਂ ਸਿਰਜਣ ਪ੍ਰਕਿਰਿਆ ਨੂੰ ਵੀ ਪ੍ਰਭਾਵਿਤ ਕਰਦੇ ਹਨ। ਪੱਤਰਕਾਰੀ ਦਾ ਅਧਾਰ ਤੱਥ ਸੰਚਾਰ ਸ਼ੀਲਤਾ ਅਤੇ ਸਾਹਿਤ ਦਾ ਵਿਚਾਰਸ਼ੀਲ ਤਾ ਇਹ ਵੱਖਰੀ ਗੱਲ ਹੈ ਕਿ ਸੰਚਾਰ ਵਿਚ ਵਿਚਾਰ ਅਤੇ ਵਿਚਾਰ ਵਿਚ ਸੰਚਾਰ ਸ਼ਾਮਲ ਰਹਿੰਦਾ ਹੈ। ਪੱਤਰਕਾਰੀ ਸਧਾਰਨ ਪਾਠਕ ਨੂੰ ਸਰਲ ਤੋਂ ਸਰਲ ਤਰੀਕੇ ਨਾਲ ਸੂਚਨਾ ਪਹੁੰਚਾਉਂਦੀ ਅਤੇ ਸਾਹਿਤ ਆਪਣੀ ਸਰਲੀ ਕਿਰਤ ਗੱਲ ਨੂੰ ਵਿਸ਼ੇਸ਼ ਮੁਹਾਵਰੇ ਵਿਚ ਢਾਲ ਕੇ ਪੇਸ਼ ਕਰਦਾ ਹੈ। ਪੱਤਰਕਾਰੀ ਦੀ ਸਥਿਤੀ ਦੀ ਵਿਆਖਿਆ ਹੈ ਅਤੇ ਸਾਹਿਤ ਸਥਿਤੀ ਦਾ ਰੂਪਾਂਤਰਨ। ਦੋਵਾਂ ਵਰਤਾਰਿਆਂ ਦੀ ਸਿਰਜਣ ਪ੍ਰਕਿਰਿਆ ਵਿਚ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ।
ਸਾਹਿਤ ਅਤੇ ਪੱਤਰਕਾਰੀ ਦੋਹਾਂ ਦੇ ਪ੍ਰਗਟਾਅ ਮਾਧਿਅਮ ਭਾਸ਼ਾ ਹੋਣ ਦੇ ਬਾਵਜੂਦ ਦੋਹਾਂ ਦਾ ਭਾਸ਼ਾ ਦੇ ਵਰਤੋਂ ਢੰਗ ਵਿਚ ਫਰਕ ਹੈ ਪੱਤਰਕਾਰੀ ਜਿਥੇ ਭਾਸ਼ਾ ਦਾ ਪ੍ਰਯੋਗ ਸਿਧੇ-ਸਾਧੇ ਅਤੇ ਸਪਸ਼ਟਤਾ ਨਾਲ ਕਰਦੀ ਹੈ ਉਥੇ ਸਾਹਿਤਕ ਭਾਸ਼ਾ ਸਾਦਗੀ ਸਪਸ਼ਟਤਾ ਨਾਲੋਂ ਸੁਹਜਾਤਮਕ ਖੂਬਸੂਰਤੀ ਅਤੇ ਆਲੰਕਕ੍ਰਿਤ ਹਾਰ-ਸ਼ਿੰਗਾਰ ਉਪਰ ਵਧੇਰੇ ਜੋਰ ਦਿੰਦੀ ਹੈ। ਇਉਂ ਪੱਤਰਕਾਰੀ ਵਿਚ ਭਾਸ਼ਾ ਦੀ ਵਰਤੋਂ ਦਾ ਆਦੇਸ਼ ਜਿਥੇ ਲਫਜ਼ਾਂ ਦੇ ਸਤਹੀ ਪ੍ਰਚਾਰ ਤੱਕ ਸੀਮਤ ਹੈ ਉਥੇ ਸਾਹਿਤ ਵਿਚ ਭਾਸ਼ਾ ਦਾ ਆਦੇਸ਼ ਲੁਕਵੇਂ ਅਰਥਾਂ ਰਾਹੀਂ ਮਨੁੱਖੀ ਮਨ ਦੀਆਂ ਗੁੱਝੀਆਂ ਤਹਿਆਂ ਨੂੰ ਫਰੋਲਨਾ ਹੈ।
ਪੱਤਰਕਾਰੀ ਅਤੇ ਸਾਹਿਤ ਦੇ ਸਿਰਜਣ ਪ੍ਰਕਿਰਿਆ ਅਤੇ ਭਾਸ਼ਾਈ ਪ੍ਰਯੋਗ ਦੇ ਅੰਤਰ ਦੇ ਨਾਲ ਨਾਲ ਸਮੇਂ ਅਤੇ ਤੱਥਾਂ ਦੀ ਪੇਸ਼ਕਾਰੀ ਵਿਚ ਵੀ ਦੋਹਾਂ ਵਿਚ ਫਰਕ ਸਪਸ਼ਟ ਵੇਖਿਆ ਜਾ ਸਕਦਾ ਹੈ ਪੱਤਰਕਾਰੀ ਤੱਥ ਮੁਖੀ ਹੁੰਦੀ ਹੈ ਪੱਤਰਕਾਰ ਦਾ ਕੰਮ ਤੱਥਾਂ ਦੇ ਆਧਾਰ ਤੁਰੰਤ ਸੂਚਨਾ ਮੁਹੱਈਆ ਕਰਨਾ ਹੈ। ਸਾਹਿਤ ਮੁਖ ਰੂਪ ਵਿਚ ਗਲਪ ਮੁਖੀ ਹੈ ਸਾਹਿਤਕਾਰ ਆਪਣੇ ਨਿੱਜੀ ਅਨੁਭਵਾਂ ਦੀ ਸਾਣ ਚਾੜ ਕੇ ਸਮਾਜ ਦੇ ਸੱਚ ਨੂੰ ਕਲਾਮਈ ਢੰਗ ਨਾਲ ਪੇਸ਼ ਕਰਕੇ ਪ੍ਰੇਰਣਾ ਅਤੇ ਅਗਵਾਈ ਦਿੰਦਾ ਹੈ। ਪੱਤਰਕਾਰ ਹਮੇਸ਼ਾ ਸਮੇਂ ਦਾ ਪਾਬੰਦ ਹੈ ਪਰ ਸਾਹਿਤਕਾਰ ਉਪਰ ਕੋਈ ਸਮੇਂ ਬੰਦਿਸ਼ ਨਹੀਂ। ਸਮੇਂ ਦੀ ਘਾਟ ਕਾਰਨ ਪੱਤਰਕਾਰਿਕ ਰਚਨਾ ਵਿਚ ਗੰਭੀਰਤਾ ਦੀ ਘਾਟ ਹੁੰਦੀ ਹੈ। ਸੰਚਾਰ ਲੋੜਾਂ ਦੀ ਪੂਰਤੀ ਲਈ ਕੀਤੀ ਗਈ ਲਿਖਤ ਸਾਹਿਤਕ ਕਿਰਤ ਦੇ ਮੁਕਾਬਲੇ ਨੀਰਸ ਹੋਣ ਦੇ ਨਾਲ ਪ੍ਰੇਰਣਾ ਤੇ ਅਗਵਾਈ ਰਹਿਤ ਵੀ ਹੁੰਦੀ ਹੈ।
ਪੱਤਰਕਾਰੀ ਅਤੇ ਸਾਹਿਤ ਦੇ ਪਾਠਕ ਵਰਗ ਵਿਚ ਵੀ ਅੰਤਰ ਹੁੰਦਾ ਹੈ ਪੱਤਰਕਾਰੀ ਵਿਸ਼ਾਲ ਪਾਠਕ ਵਰਗ ਤੱਕ ਪਹੁੰਚਦੀ ਹੈ ਜਦੋਂ ਗੰਭੀਰ ਰੁਚੀਆਂ ਦੇ ਮਾਲਕ ਸਾਹਿਤ ਵਿਚ ਦਿਲਚਸਪੀ ਲੈਣ ਵਾਲੇ ਸਾਹਿਤ ਦੇ ਪਾਠਕਾਂ ਦਾ ਘੇਰਾ ਛੋਟਾ ਹੁੰਦਾ ਹੈ। ਸਾਹਿਤ ਪੱਤਰਕਾਰੀ ਵਾਂਗ ਪਾਠਕਾਂ ਨੂੰ ਮੁਖ ਰੱਖ ਕੇ ਨਹੀਂ ਰਚੀਆ ਜਾਂਦਾ। ਸਾਹਿਤ ਦੇ ਪਾਠਕ ਆਪਣੀ ਰੁਚੀ ਅਨੁਸਾਰ ਪੜ੍ਹਨ ਵਾਲੀਆਂ ਰਚਨਾਵਾਂ ਦੀ ਚੋਣ ਕਰਦੇ ਹਨ।
ਉਪਰੋਕਤ ਅੰਤਰ ਦੇ ਬਾਵਜੂਦ ਪੱਤਰਕਾਰੀ ਦਾ ਪਾਠਕ ਵਰਗ ਪੱਤਰਕਾਰੀ ਰਾਹੀਂ ਵੀ ਸਾਹਿਤ ਦਾ ਆਨੰਦ ਮਾਣਦਾ ਹੈ। ਦੈਨਿਕ ਸਮਾਚਾਰ ਪੱਤਰਾਂ ਦੇ ਸਪਤਾਹਿਕ ਅੰਕਾਂ ਵਿਚ ਸਾਹਿਤਕ ਸਮੱਗਰੀ ਦੀ ਪ੍ਰਮੁਖਤਾ ਹੁੰਦੀ ਹੈ। ਅਜਿਹੇ ਅੰਕ ਅਖ਼ਬਾਰ ਦੀ ਲੋੜ ਵਾਲੀਆਂ ਵੱਖ ਵੱਖ ਰੂਪਾਂ ਦੀਆਂ ਸਾਹਿਤਕ ਰਚਨਾਵਾਂ ਖੋਜਾਂ, ਅਧਿਐਨ ਰਿਪੋਰਟਾਂ, ਪੁਸਤਕ ਪੜਚੋਲਾਂ, ਰਪੋਤਾਜ਼ਾਂ, ਸਫ਼ਰਨਾਮਿਆਂ, ਕਹਾਣੀਆਂ, ਗਜ਼ਲਾਂ, ਗੀਤਾਂ, ਕਾਵਿ ਅਤੇ ਵਿਭਿੰਨ ਖੇਤਰਾਂ ਦੀਆਂ ਪ੍ਰਾਪਤੀਆਂ ਬਾਰੇ ਜੀਵਨਗਤ ਜਾਣਕਾਰੀ ਨਾਲ ਭਰਪੂਰ ਹੁੰਦੇ ਹਨ। ਸਾਹਿਤਕ ਰਚਨਾਵਾਂ ਅਖ਼ਬਾਰਾਂ ਨੂੰ ਸੁਆਦਲਾ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਹਫਤੇ ਦੇ ਉਪਜੀਵਕ ਰੁਝੇਵੇਂ ਤੋਂ ਮੁਕਤ ਹੋਏ ਪਾਠਕ ਸਪਤਾਹਿਕ ਅੰਕ ਦੀ ਰੋਚਕ ਸਾਹਿਤਕ ਸਮੱਗਰੀ ਨਾਲ ਆਪਣਾ ਮਾਨਸਿਕ ਥਕੇਵਾਂ ਲਾਅ ਕੇ ਹੁਲਾਸ ਮਈ ਹੋ ਜਾਂਦੇ ਹਨ। ਸਾਹਿਤ ਨੂੰ ਪ੍ਰਚਲਤ ਕਰਨ ਵਿਚ ਪੱਤਰ-ਪੱਤਰਕਾਵਾਂ ਦਾ ਬਹੁਤ ਯੋਗਦਾਨ ਹੈ। ਅਸਲ ਵਿਚ ਲਘੂਕਾਰੀ ਸਾਹਿਤਕ ਰਚਨਾਵਾਂ ਪਹਿਲਾਂ ਪੱਤਰਕਾਰੀ ਰਾਹੀਂ ਹੀ ਪਾਠਕਾਂ ਤੱਕ ਪੁੱਜਦੀਆਂ ਹਨ।
ਅਖ਼ਬਾਰੀ ਘਟਨਾਵਾਂ ਤੋਂ ਪ੍ਰੇਰਿਤ ਰਚਨਾਵਾਂ ਖ਼ਬਰਾਂ ਵਾਂਗ ਦੈਨਿਕ ਮਹੱਤਵ ਪ੍ਰਾਪਤ ਕਰਦੇ ਬਾਕੀ ਅਖ਼ਬਾਰੀ ਸਮੱਗਰੀ ਵਾਂਗ ਰੱਦੀ ਬਣ ਜਾਂਦੀਆਂ ਹਨ। ਰਚਨਾਵਾਂ ਦੀ ਸਾਹਿਤਕਤਾ ਕਾਲਗੱਤ ਪੱਤਰਕਾਰੀ ਦੀ ਸਮ-ਅਨੁਪਾਤੀ ਹੁੰਦੀ ਹੈ। ਸੰਭਾਲੀ ਜਾਣ ਵਾਲੀ ਸਾਹਿਤਕ ਰਚਨਾ ਹੀ ਪੱਤਰਕਾਰੀ ਦੇ ਵਜੂਦ ਵਿਚੋਂ ਪੁਸਤਕੀ ਜਾਮੇ ਅਥਵਾ ਦਸਤਾਵੇਜ਼ੀ ਸੰਕਲਨ ਅਤੇ ਸੰਸਕਰਨ ਦਾ ਰੂਪ ਧਾਰਦੀ ਹੈ। ਇਹ ਗੱਲ ਤਾਂ ਸਪਸ਼ਟ ਹੈ ਕਿ ਪੱਤਰਕਾਰੀ ਨੂੰ ਰੋਚਿਕ ਅਤੇ ਜੀਵੰਤ ਬਣਾਉਣ ਲਈ ਸਾਹਿਤਕ ਰਚਨਾਵਾਂ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ ਅਤੇ ਪੱਤਰਕਾਰੀ ਇਨ੍ਹਾਂ ਸਾਹਿਤਕ ਕ੍ਰਿਤੀਆਂ ਨੂੰ ਵਿਸ਼ਾਲ ਪਾਠਕ ਵਰਗ ਤੱਕ ਪੁੱਜਦਾ ਕਰਨ ਦਾ ਵਸੀਲਾ ਬਣਦੀ ਹੈ।
ਦਿਲਚਸਪ ਲਘੂ ਘਟਨਾਵਾਂ ਤੋਂ ਇਲਾਵਾ ਸਦੀਵੀ ਮਹੱਤਵ ਵਾਲੀਆਂ ਰਚਨਾਵਾਂ ਨੂੰ ਅਖ਼ਬਾਰ ਦੀ ਨੀਤੀ ਅਨੁਸਾਰ ਸੰਪਾਦ ਕਰਕੇ ਲੜੀਵਾਰ ਛਾਪਿਆ ਜਾਂਦਾ ਹੈ। ਅਖ਼ਬਾਰੀ ਸਾਹਿਤ ਦੀ ਸਿਰਜਣਾ ਵਿਚ ਸੰਬੰਧਿਤ ਅਖ਼ਬਾਰ/ਪੱਤ੍ਰਿਕਾ ਦੀ ਨੀਤ, ਉਪਲਬਧ ਸਥਾਨ, ਧਿਆਨ ਵਿਚ ਰਖਿਆ ਜਾਂਦਾ ਹੈ। ਕਦੇ ਕਦੇ ਲੇਖਕ ਨੂੰ ਉਹੀ ਕੁੱਝ ਲਿਖਣਾ ਪੈਂਦਾ ਹੈ ਜੋ ਪੱਤਰ, ਪੱਤ੍ਰਿਕਾਵਾਂ ਵਿਚ ਪ੍ਰਕਾਸ਼ਿਤ ਹੋ ਸਕਦਾ ਹੈ - ਅਥਵਾ ਜੋ, ਪੱਤਰ ਪੱਤ੍ਰਿਕਾਵਾਂ ਚਾਹੁੰਦੀਆਂ ਹਨ। ਨਿਸ਼ਚੇ ਹੀ ਅਖ਼ਬਾਰੀ ਸਾਹਿਤ ਵਿਸ਼ਿਸ਼ਟ ਸਾਹਿਤ ਤੋਂ ਭਿੰਨ ਵਧੇਰੇ ਸਾਮਿਅਕ, ਸਨਸਨੀਖੇਜ਼ ਘਟਨਾਵਾਂ, ਵਿਅਕਤੀਆਂ ਅਤੇ ਗਿਆਨ ਯੁਕਤ ਸਮੱਗਰੀ ਨੂੰ ਪੇਸ਼ ਕਰਨਾ ਹੈ।
ਉਪਰੋਕਤ ਚਰਚਾ ਤੋਂ ਸਪਸ਼ਟ ਹੈ ਕਿ ਸਾਹਿਤਕ ਰਚਨਾਵਾਂ ਪੱਤਰਕਾਰੀ ਨੂੰ ਵਧੇਰੇ ਰੋਚਿਕ ਬਣਾਉਂਦੀਆਂ ਹਨ। ਜਿਥੇ ਪੁਸਤਕ ਆਮ ਤੌਰ ਤੇ ਇਕੋ ਲੇਖਕ ਦੀ ਰਚਨਾ ਹੁੰਦੀ ਹੈ ਅਤੇ ਸੰਪਾਦਿਤ ਸੰਗ੍ਰਹਿਆਂ ਵਿਚ ਸਮ-ਭਾਵੀ, ਸਮ-ਵਿਧਾਈ ਵਿਭਿੰਨ ਲੇਖਕਾਂ ਦੀਆਂ ਰਚਨਾਵਾਂ ਸ਼ਾਮਲ ਹੁੰਦੀਆਂ ਹਨ, ਉਥੇ ਸਾਹਿਤਕ ਮਾਸਿਕ ਪੱਤਰਾਂ ਵਿਚ ਲੇਖਕਾਂ ਅਤੇ ਰੂਪਗਤ ਰਚਨਾਵਾਂ ਪੱਖੋਂ, ਵਿਵਿਧਤਾ ਹੁੰਦੀ ਹੈ। ਇਸੇ ਲਈ ਪੱਤਰਕਾਰੀ ਸਾਹਿਤ ਨੂੰ ਪਾਠਕਾਂ ਦੇ ਵਿਸ਼ਾਲ ਘੇਰੇ ਤਕ ਪੁਸਤਕਾਂ ਨਾਲੋਂ ਵਧੇਰੇ ਸ਼ੀਘਰਤਾ ਨਾਲ ਪੁੱਜਦਾ ਕਰਦੀ ਹੈ। ਪੱਤਰਕਾਰੀ ਦੀ ਇਸੇ ਸੁਵਿਧਾ ਕਾਰਨ ਅੱਜ ਕੱਲ੍ਹ ਪੱਤਰ, ਪੱਤ੍ਰਿਕਾਵਾਂ ਤੋਂ ਅਲੱਗ ਨਿਬੰਧ ਛਪਣਾ ਬੰਦ ਹੋ ਗਿਆ ਹੈ। ਸਾਲ ਭਰ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਨਿਬੰਧ ਦੀਆਂ ਪੁਸਤਕਾਂ ਉਂਗਲੀਆਂ ਤੇ ਗਿਣੀਆਂ ਜਾ ਸਕਦੀਆਂ ਹਨ। ਉਨ੍ਹਾਂ ਵਿਚ ਵੀ ਅਕਸਰ ਉਹੀ ਨਿਬੰਧ ਸ਼ਾਮਲ ਹੁੰਦੇ ਹਨ ਜੋ ਪਹਿਲਾਂ ਹੀ ਪੱਤਰ-ਪੱਤ੍ਰਕਾਵਾਂ ਵਿਚ ਛਪ ਚੁਕੇ ਹੁੰਦੇ ਹਨ। ਅਨੇਕਾਂ ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ ਅਤੇ ਨਾਵਲ ਵੀ ਪੁਸਤਕ ਰੂਪ ਵਿਚ ਆਉਣ ਤੋਂ ਪਹਿਲਾਂ ਪੱਤਰ ਪੱਤਰਕਾਰਾਂ ਵਿਚ ਛਾਪੇ ਜਾਂਦੇ ਹਨ। ਪੱਤਰ-ਪੱਤਰਕਾਵਾਂ ਤੋਂ ਅਲੱਗ ਸੁਤੰਤਰ ਲਿਖਣਾ ਘਟ ਹੋ ਗਿਆ ਹੈ। ਨਿਸ਼ਚੇ ਹੀ ਧਰਮ, ਸਮਾਜ ਕਲਿਆਣ, ਵਰਗ ਚੇਤਨਾ, ਸਿਆਸੀ ਪ੍ਰਤੀਬੱਧਤਾ ਅਤੇ ਨਿਰੋਲ ਸਾਹਿਤ ਕਲਾ ਨੂੰ ਸਮਰਪਿਤ ਪੱਤਰਕਾਰੀ ਆਪਣੀ ਦ੍ਰਿਸ਼ਟੀ ਅਨੁਸਾਰ ਸਾਹਿਤਕ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਦੀ ਹੈ। ਇਉਂ ਪੱਤਰਕਾਰੀ ਦਾ ਇਕ ਅਜਿਹਾ ਰੂਪ ਵਿਗਸਿਆ ਹੈ, ਜਿਸ ਨੂੰ ਸਾਹਿਤਕ ਪੱਤਰਕਾਰੀ ਕਿਹਾ ਜਾਂਦਾ ਹੈ, ਜਿਸਦੇ ਅੱਗੋਂ ਸਾਹਿਤਕ ਸਮਗਰੀ ਅਨੁਸਾਰ ਅੰਸ਼ਿਕ, ਮਿਸ਼ਰਤ, ਪੂਰਨ ਸਾਹਿਤਕ ਪੱਤਰਕਾਰੀ ਵਰਗੇ ਨਾਮ ਰੱਖੇ ਜਾ ਸਕਦੇ ਹਨ।




