You are here:: News ਮੁੱਖ ਲੇਖ ਕੁੜੀਆਂ ਦੀਆਂ ਵੀ ਕੋਈ ਵਧਾਈਆਂ ਦਿੰਦਾ ਹੁੰਦੈ ਭਲਾ
 
 

ਕੁੜੀਆਂ ਦੀਆਂ ਵੀ ਕੋਈ ਵਧਾਈਆਂ ਦਿੰਦਾ ਹੁੰਦੈ ਭਲਾ

E-mail Print PDF

 

ਉਹ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਹੈ। ਬਹੁਤ ਵਧੀਆ ਬੁਲਾਰਾ ਹੈ। ਬਹੁਤ ਹੀ ਪ੍ਰਤਿਭਾਸ਼ਾਲੀ ਢੰਗ ਨਾਲ ਵਿਖਿਆਨ ਕਰਦਾ ਹੈ। ਜਦੋਂ ਉਹ ਸਾਖੀਆਂ ਦੇ ਹਵਾਲੇ ਦੇ ਕੇ ਪ੍ਰਮਾਤਮਾ ਨੂੰ ਪਾਉਣ ਦਾ ਰਾਹ ਦੱਸਦਾ ਹੈ ਤਾਂ ਵੱਡੇ-ਵੱਡੇ ਸੰਤ ਮਹਾਤਮਾ ਵੀ ਉਸ ਤੋਂ ਪਿੱਛੇ ਰਹਿ ਜਾਂਦੇ ਹਨ। ਜਦੋਂ ਉਹ ਕਦੇ ਵਿਦੇਸ਼ੀ ਦੌਰੇ 'ਤੇ ਜਾਂਦਾ ਹੈ ਤਾਂ ਉਥੇ ਬੱਚੇ ਉਸ ਦੀ ਦਿੱਖ ਨੂੰ ਵੇਖ ਕੇ ਸਾਂਤਾ ਕਲਾਜ਼ ਸਮਝ ਲੈਂਦੇ ਹਨ ਅਤੇ ਮੁਸਲਿਮ ਦੇਸ਼ਾਂ ਵਿਚ ਉਹ ਮੌਲਵੀ ਹੋਣ ਦਾ ਭੁਲੇਖਾ ਪਾ ਦਿੰਦਾ ਹੈ। ਉਂਝ ਵੀ ਉਸ ਨੂੰ ਸਿੱਖ ਮੱਤ ਦੇ ਨਾਲ-ਨਾਲ ਇਸਲਾਮ, ਬੁੱਧ ਮੱਤ ਅਤੇ ਜੈਨ ਮੱਤ ਦਾ ਡੂੰਘਾ ਗਿਆਨ ਹੈ। ਉਹਦੇ ਘਰ ਧਾਰਮਿਕ ਬੰਦਿਆਂ ਦਾ ਆਉਣ ਜਾਣ ਲੱਗਿਆ ਰਹਿੰਦਾ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਦੂਰ-ਦੁਰਾਡੇ ਸਿੱਖ ਮੱਤ ਦੀ ਫ਼ਿਲਾਸਫ਼ੀ ਬਾਰੇ ਭਾਸ਼ਣ ਦੇਣ ਜਾਂਦਾ ਰਹਿੰਦਾ ਹੈ। ਅਤੇ ਬਹੁਤ ਵਾਰ ਇਨ੍ਹਾਂ ਦੀ ਧਰਮ ਪੱਤਨੀ ਵੀ ਇਨ੍ਹਾਂ ਦੇ ਨਾਲ ਜਾਂਦੀ ਹੈ। ਘਰ ਦੇ ਮਾਹੌਲ ਅਨੁਸਾਰ ਉਹ ਵੀ ਬਹੁਤ ਧਾਰਮਿਕ ਹੈ। ਪਿਛਲੇ ਦਿਨੀਂ ਵਾਹਿਗੁਰੂ ਦੀ ਮਿਹਰ ਸਦਕਾ ਇਸ ਧਾਰਮਿਕ ਜੋੜੀ ਦੇ ਘਰ ਪੋਤੀ ਨੇ ਜਨਮ ਲਿਆ।
ਪੋਤੀ ਦੇ ਜਨਮ ਦੀ ਖ਼ਬਰ ਮੈਨੂੰ ਮੇਰੀ ਬੀਵੀ ਤੋਂ ਮਿਲੀ। ਉਸ ਨੇ ਮੈਨੂੰ ਕਈ ਵਾਰ ਕਿਹਾ ਕਿ ਨਾਲ ਗਵਾਂਢ ਮੱਥਾ ਹੈ ਆਪਾਂ ਉਹਨਾਂ ਦੇ ਘਰ ਜਾ ਕੇ ਵਧਾਈ ਦੇ ਆਈਏ, ਘਰ ਵਿਚ ਨਵਾਂ ਜੀਅ ਆਇਆ ਹੈ। ਕੰਮਾਂਕਾਰਾਂ ਵਿਚ ਰੁੱਝੇ ਹੋਣ ਕਾਰਨ ਮੈਂ ਉਸ ਨੂੰ ਟਾਲਦਾ ਰਿਹਾ, ਪਰ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਮਿਲਣ ਦਾ ਸਬੱਬ ਬਣ ਹੀ ਗਿਆ। ਗੱਲ ਇਹ ਸੀ ਕਿ ਅਸੀਂ ਕਿਸੇ ਸਾਂਝੇ

ਮਿੱਤਰ ਦੇ ਮੁੰਡੇ ਦੀ ਰਿਸੈਪਸ਼ਨ ਵਿਚ ਇਕੱਠੇ ਹੋ ਗਏ। ਇਕੱਠੇ ਕਾਹਦੇ ਹੋਏ, ਹੋਇਆ ਇਹ ਕਿ ਮੈਨੂੰ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਐਡੀਟਰ ਸ਼ਿੰਗਾਰਾ ਸਿੰਘ ਭੁੱਲਰ ਦਾ ਫ਼ੋਨ ਆਇਆ ਕਿ ਜੀ.ਕੇ. ਸਿੰਘ ਜਲਤਾਨਾ ਅਤੇ ਡਾ. ਕੂਨਰ ਸਮੇਤ ਕੁਝ ਮਿੱਤਰ ਨਾਰਵੇ ਤੋਂ ਆਏ ਸੁਰਜੀਤ ਸਿੰਘ ਦਰ ਘਰ ਇਕੱਠੇ ਹੋ ਰਹੇ ਹਾਂ। ਤੁਹਾਨੂੰ ਉਡੀਕਾਂਗੇ। ਪਹੁੰਚਣਾ ਜ਼ਰੂਰੀ। ਬਹਾਨੇ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ। ਸੋ, ਸੱਦੀ ਹੋਈ ਮਿੱਤਰਾਂ ਦੀ, ਪੈਰੀਂ ਜੁੱਤੀ ਨਾ ਪਾਵਾਂ। ਮੈਂ ਵਕਤ ਸਿਰ ਉਥੇ ਪਹੁੰਚ ਗਿਆ। ਪਹੁੰਚ ਤਾਂ ਗਿਆ ਪਰ ਉਥੋਂ ਆਉਂਦੇ-ਆਉਂਦੇ ਲੇਟ ਹੋ ਗਿਆ ਅਤੇ ਰਿਸੈਪਸ਼ਨ ਵਿਚ ਵੀ ਲੇਟ ਪਹੁੰਚਿਆ। ਉਕਤ ਪ੍ਰੋਫ਼ੈਸਰ ਸਾਹਿਬ ਮੈਰਿਜ ਪੈਲੇਸ ਦੇ ਮੁੱਖ ਗੇਟ ਦੇ ਲਾਗੇ ਪਹਿਲੇ ਟੇਬਲ 'ਤੇ ਹੀ ਆਪਣੀ ਬੀਵੀ ਸਮੇਤ ਬਿਰਾਜਮਾਨ ਸਨ ਅਤੇ ਦੋ-ਤਿੰਨ ਪੈੱਗ ਲੈ ਚੁੱਕੇ ਸਨ ਅਤੇ ਪੂਰੇ ਰੰਗ ਵਿਚ ਸਨ। ਉਨ੍ਹਾਂ ਨੂੰ ਬਿਨਾਂ ਮਿਲੇ ਅੱਗੇ ਜਾਣ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਸੋ, ਅਸੀਂ ਵੀ ਸਿੱਧੇ ਉਹਨਾ ਦੇ ਟੇਬਲ ਕੋਲ ਜਾ ਪਹੁੰਚੇ। ਦੁਆ ਸਲਾਮ ਤੋਂ ਬਾਅਦ ਮੇਰੀ ਬੇਨਤੀ ਅਤੇ ਪ੍ਰੋਫ਼ੈਸਰ ਸਾਹਿਬ ਦੀ ਬੀਵੀ ਨੂੰ ਕਿਹਾ,
''ਵਧਾਈਆਂ ਭੈਣ ਜੀ ਪੋਤੀ ਦੀਆਂ''
''ਭਲਾ, ਕੁੜੀ ਦੀਆਂ ਕਾਹਦੀਆਂ ਵਧਾਈਆਂ''
ਪ੍ਰੋਫ਼ੈਸਰ ਦੀ ਬੀਵੀ ਕਹਿਣ ਲੱਗੀ।
''ਨਾਲੇ ਹੁਣ ਮੈਨੂੰ ਵਧਾਈਆਂ ਦੇਣੀ ਆਂ, ਉਸ ਦਿਨ ਪਤਾ ਲੱਗੂ ਜਿਸ ਦਿਨ ਤੇਰੇ ਪੋਤੀ ਹੋਣੀ।''
ਮੇਰੀ ਬੀਵੀ ਇਸ ਹਮਲੇ ਲਈ ਤਿਆਰ ਨਹੀਂ ਸੀ, ਮੈਂ ਵੀ ਭਮੱਤਰ ਜਿਹਾ ਗਿਆ।
''ਕੋਈ ਗੱਲ ਨੀ ਜੀ, ਪੋਤੀ ਹੋਵੇ ਜਾਂ ਪੋਤਾ, ਸਾਡੇ ਲਈ ਕੋਈ ਫ਼ਰਕ ਨਹੀਂ। ਤੁਹਾਡੇ ਮੂੰਹ ਘੀ ਸ਼ੱਕਰ, ਜੇ ਘਰ ਪੋਤੀ ਆਵੇ ਤਾਂ, ਮੇਰੀ ਬੀਵੀ ਗੱਲ ਹਾਸੇ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਕਹਾਣੀ ਤਾਂ ਹੁਣ ਵਿਗੜ ਚੁੱਕੀ ਸੀ। ਪ੍ਰੋਫ਼ੈਸਰ ਸਾਹਿਬ ਵੀ ਹੁਣ ਗੰਭੀਰ ਹੋ ਗਏ ਸਨ। ਮੈਂ ਦੋਵਾਂ ਦੇ ਚਿਹਰੇ ਪੜ੍ਹ ਰਿਹਾ ਸਾਂ। ਮੈਨੂੰ ਲੱਗਿਆ ਕਿ ਮੇਰੀ ਬੀਵੀ ਨੇ ਵੱਡੀ ਗ਼ਲਤੀ ਕਰ ਦਿੱਤੀ ਸੀ, ਜਿਵੇਂ ਉਨ੍ਹਾਂ ਦੀ ਦੁਖਦੀ ਰਗ 'ਤੇ ਉਂਗਲ ਰੱਖ ਦਿੱਤੀ ਹੋਵੇ। ਇਸ ਤੋਂ ਪਹਿਲਾਂ ਕਿ ਗੱਲ ਹੋਰ ਵਧਦੀ, ਅਸੀਂ ਫਤਿਹ ਬੁਲਾ ਕੇ ਅੱਗੇ ਵੱਧ ਗਏ। ઠ

ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ...
ਇਸ ਗੱਲ ਨੂੰ ਕਾਫੀ ਦਿਨ ਬੀਤ ਗਏ ਸਨ। ਇੱਕ ਦਿਨ ਗੁਆਂਢੀ ਪ੍ਰੋਫੈਸਰ ਸਾਹਿਬ ਦਾ ਫੋਨ ਆਇਆ 'ਜੇ ਵਿਹਲੇ ਹੋ ਤਾਂ ਆ ਜਾਓ। ਨਾਲ ਰਮਨਰਿਸ਼ੀ ਨੂੰ ਲੈਂਦੇ ਆਉਣਾ।' ਕਿਸੇ ਮਿੱਤਰ ਨੇ ਮਿਲਣਾ ਹੈ। ਮੈਂ ਤੇ ਰਮਨ ਉਹਨਾਂ ਦੇ ਘਰ ਗਏ। ਉਹਨਾਂ ਦੇ ਘਰ ਇੱਕ ਹੋਰ ਸੱਜਣ ਬੈਠੇ ਸਨ। ਬੜੇ ਤਪਾਕ ਨਾਲ ਮਿਲੇ। ਜਿਵੇਂ ਚਿਰਾਂ ਤੋਂ ਜਾਣਦੇ ਹੋਣ। ਚਾਹ ਪਾਣੀ ਦੇ ਨਾਲ-ਨਾਲ ਰਸਮੀ ਗੱਲਾਂ ਹੁੰਦੀਆਂ ਰਹੀਆਂ। ਅੱਜਕਲ੍ਹ ਦੇ ਨੌਜਵਾਨਾਂ ਦੀਆਂ ਵਿਦੇਸ਼ਾਂ ਵੱਲ ਜਾਣ ਦੀਆਂ ਰੀਝਾਂ ਦੀਆਂ ਅਤੇ ਬੇਰੁਜ਼ਗਾਰੀ ਦੀਆਂ। ਬਾਹਰ ਜਾਣ ਲਈ ਅੰਗਰੇਜ਼ੀ ਭਾਸ਼ਾ ਦੇ ਗਿਆਨ ਬਾਰੇ ਉਹਨਾਂ ਦੀ ਦਿਲਚਸਪੀ ਉਨ੍ਹਾਂ ਦੀਆਂ ਗੱਲਾਂ ਵਿਚੋਂ ਜ਼ਾਹਿਰ ਹੁੰਦੀ ਸੀ। ਰਮਨ ਨੂੰ ਉਹ ਪੁੱਛਦੇ ਰਹੇ ਕਿ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ। ਤਿਆਰੀ ਲਈ ਕਿੰਨਾ ਸਮਾਂ ਚਾਹੀਦਾ ਹੈ, ਆਦਿ ਆਦਿ।
ਮੈਨੂੰ ਲੱਗਾ ਕਿ ਕੁਝ ਹੋਰ ਕਹਿਣਾ ਚਾਹੁੰਦੇ ਹਨ ਪਰ ਜਿਵੇਂ ਦੁਬਿਧਾ ਵਿਚ ਹੋਣ ਜਾਂ ਫਿਰ ਉਹ ਕਹਿਣ ਦਾ ਹੌਸਲਾ ਨਾ ਕਰ ਰਹੇ ਹੋਣ। ਖ਼ੈਰ, 20-25 ਮਿੰਟ ਬੈਠ ਕੇ ਅਸੀਂ ਵਾਪਸ ਆ ਗਏ ਪਰ ਮੇਰੇ ਅੰਦਰ ਇੱਕ ਸਵਾਲ ਇਹ ਜ਼ਰੂਰ ਪੈਦਾ ਹੋ ਗਿਆ ਕਿ ਉਨ੍ਹਾਂ ਸਾਨੂੰ ਦੋਵਾਂ ਨੂੰ ਕਿਉਂ ਬੁਲਾਇਆ ਸੀ। ਜਦਕਿ ਕਈ ਖ਼ਾਸ ਗੱਲ ਵੀ ਨਹੀਂ ਹੋਈ ਸੀ। ਮੈਂ ਆਪਣੀ ਉਤਸੁਕਤਾ ਨੂੰ ਕੁਝ ਸਮੇਂ ਲਈ ਇਹ ਸੋਚ ਕੇ ਦਬਾ ਲਿਆ ਕਿ ਜਦੋਂ ਮੇਰੇ ਗੁਆਂਢੀ ਪ੍ਰੋਫ਼ੈਸਰ ਇਕੱਲੇ ਮਿਲਣਗੇ ਤਾਂ ਮੈਂ ਗੱਲ ਕਰਾਂਗਾ। ਮੈਨੂੰ ਇਹ ਮੌਕਾ ਦੂਜੇ ਦਿਨ ਹੀ ਮਿਲ ਗਿਆ।
''ਪ੍ਰੋਫ਼ੈਸਰ ਸਾਹਿਬ ਉਹ ਤੁਹਾਡੇ ਦੋਸਤ ਕੌਣ ਸਨ ਅਤੇ ਸਾਥੋਂ ਕੀ ਚਾਹੁੰਦੇ ਸਨ?" ਮੈਂ ਪੁੱਛਿਆ।
''ਉਂਝ ਤਾਂ ਉਹ ਜ਼ਿਲ੍ਹੇ ਦੇ ਵੱਡੇ ਪੁਲਿਸ ਅਫ਼ਸਰ ਸਨ, ਗੱਲ ਅਸਲ ਵਿਚ ਇਹ ਹੈ ਕਿ ਇਨ੍ਹਾਂ ਦੇ ਮੁੰਡੇ ਨੇ ਕਈ ਵਾਰ ਆਇਲੈਟਸ ਦਾ ਪੇਪਰ ਦਿੱਤਾ ਪਰ ਚਾਰ ਪੁਆਇੰਟਸ ਤੋਂ ਵੱਧ ਨਹੀਂ ਲੈ ਸਕਿਆ। ਮੈਂ ਅਕਸਰ ਰਮਨ ਦੀ ਗੱਲ ਕਰਦਾ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ 10-15 ਦਿਨਾਂ ਦੀ ਤਿਆਰੀ ਬਾਅਦ ਹੀ ਸੱਤ ਪੁਆਇੰਟਸ ਲੈ ਗਿਆ ਤਾਂ ਉਹ ਮਿਲਣ ਆ ਗਏ। ਜਸਟ ਗਾਈਡੈਂਸ ਲੈਣ," ਮੇਰਾ ਦੋਸਤ ਕਹਿਣ ਲੱਗਾ।
''ਪਰ ਮੈਨੂੰ ਤਾਂ ਲੱਗਾ ਕਿ ਉਹ ਕੁਝ ਕਹਿਣਾ ਚਾਹੁੰਦੇ ਸੀ ਪਰ ਕਹਿ ਨਹੀ ਸਕੇ," ਮੈਂ ਮੁੜ ਸਵਾਲ ਕੀਤਾ?
''ਹਾਂ, ਯਾਰ ਸੱਚੀ ਗੱਲ ਤਾਂ ਇਹ ਹੇ ਕਿ ਉਹ ਕਹਿਣਾ ਚਾਹੁੰਦੇ ਸੀ ਕਿ ਜੇ ਉਨ੍ਹਾਂ ਦੇ ਮੁੰਡੇ ਦੀ ਥਾਂ ਰਮਨ ਪੇਪਰ ਵਿਚ ਬੈਠ ਜਾਵੇ ਤਾਂ ਉਸ ਦੇ ਮੁੰਡੇ ਦਾ ਵੀ ਕਲਿਆਣ ਹੋ ਸਕਦੈ। ਪਰ ਜਦੋਂ ਇਹ ਪਤਾ ਲੱਗਾ ਕਿ ਤੁਸੀਂ ਪੱਤਰਕਾਰੀ ਦੇ ਪ੍ਰੋਫ਼ੈਸਰ ਹੋ ਤਾਂ ਝਿਜਕ ਗਿਆ ਕਿ ਗੱਲ ਕਿਤੇ ਬਾਹਰ ਨਾ ਨਿਕਲ ਜਾਵੇ। ਉਂਝ ਇਹ ਆਪ ਅਜਿਹੇ ਨਕਲ ਫੜਨ ਦੇ ਮਾਹਿਰ ਅਫ਼ਸਰ ਸਮਝੇ ਜਾਂਦੇ ਨੇ," ਪ੍ਰੋਫ਼ੈਸਰ ਨੇ ਸੱਚੋ ਸੱਚ ਦੱਸ ਦਿੱਤਾ।
''ਗੱਲ ਤਾਂ ਬਾਹਰ ਨਿਕਲ ਚੁੱਕੀ ਹੈ। ਅਜਿਹੇ ਲੋਕਾਂ ਕਰ ਕੇ ਹੀ ਤਾਂ ਅਸੀਂ ਬਦਨਾਮ ਹੁੰਦੇ ਹਾਂ। ਇਹੀ ਕਾਰਨ ਹੈ ਕਿ ਹੁਣ ਇਨ੍ਹਾਂ ਟੈਸਟਾਂ ਦੇ ਸਰਟੀਫਿਕੇਟਾਂ 'ਤੇ ਵੀ ਭਰੋਸਾ ਨਹੀਂ ਰਿਹਾ ਅਤੇ ਏਅਰਪੋਰਟਾਂ ਤੇ ਅੰਗਰੇਜ਼ੀ ਵਿਚ ਸਵਾਲ ਪੁੱਛੇ ਜਾਂਦੇ ਹਨ ਅਤੇ ਜੋ ਨਹੀਂ ਬੋਲ ਸਕਦੇ ਤਾਂ ਬਾਇਜ਼ਤ ਜਹਾਜ਼ ਬਿਠਾ ਕੇ ਇੰਡੀਆ ਦਾ ਮਾਲ ਵਾਪਸ ਪਹੁੰਚਾ ਦਿੱਤਾ ਜਾਂਦਾ ਹੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਇਹ ਇੱਛਾ ਵੱਡਾ ਪੁਲਿਸ ਅਫ਼ਸਰ, ਜਿਸਦਾ ਕੰਮ ਜੁਰਮ ਨੂੰ ਰੋਕਣਾ ਹੈ, ਜੁਰਮ ਕਰਨ ਦੀਆਂ ਤਰਕੀਬਾਂ ਸੋਚ ਰਿਹਾ ਹੈ। ਹੁਣ ਤਾਂ ਹਰ ਪਾਸੇ ਰੱਬ ਹੀ ਰਾਖਾ ਹੈ ਕਿਉਂਕਿ 'ਵਾੜ ਹੀ ਖੇਤ ਨੂੰ ਖਾਣ ਲੱਗੀ ਐ'," ਮੈਂ ਗੁੱਸੇ ਵਿਚ ਬੋਲ ਰਿਹਾ ਸੀ।
''ਵੇਖੋ, ਮੈਂ ਤੁਹਾਨੂੰ ਸੱਚ ਦੱਸ ਦਿੱਤਾ, ਮੇਰਾ ਤਾਂ ਇਸ ਵਿਚ ਕੋਈ ਕਸੂਰ ਨਹੀਂ," ਉਸਨੇ ਸਫਾਈ ਦਿੱਤੀ।
''ਨਹੀਂ। ਕਸੂਰ ਤੇਰਾ ਵੀ ਹੈ, ਤੂੰ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਹੋ ਕੇ ਅਜਿਹੇ ਲੋਕਾਂ ਦੇ ਮਨਸੂਬਿਆਂ ਵਿਚ ਸ਼ਰੀਕ ਹੋ ਰਿਹਾ ਹੈਂ," ਮੈਂ ਸੱਚ ਬੋਲ ਕੇ ਆਪਣੇ ਆਪ ਵਿਚ ਹਲਕਾ ਮਹਿਸੂਸ ਕਰ ਰਿਹਾ ਸਾਂ।

 

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com