
ਮੁੰਬਈ, 26 ਨਵੰਬਰ - ਪ੍ਰਗਿਆਨ ਓਝਾ ਅਤੇ ਆਰ. ਅਸ਼ਵਿਨ ਦੀਆਂ ਖਤਰਨਾਕ ਗੇਂਦਬਾਂ ਦੇ ਦਮ 'ਤੇ ਵੈਸਟਇੰਡੀਜ਼ ਦੀ ਬੱਲੇਬਾਜ਼ੀ ਨੂੰ ਢੇਰ ਕਰਨ ਤੋਂ ਬਾਅਦ ਭਾਰਤ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ 'ਚ ਜਿੱਤ ਦੀ ਦਹਿਲੀਜ਼ 'ਤੇ ਪਹੁੰਚਿਆ ਪਰ ਮਹਿਮਾਨ ਟੀਮ ਨੇ ਆਖਰੀ ਪਲਾਂ 'ਚ ਵਪਾਸੀ ਕਰਦੇ ਹੋਏ ਆਖਰੀ ਗੇਂਦ 'ਤੇ ਮੈਚ ਡਰਾਅ ਕਰ ਦਿੱਤਾ।
ਪਹਿਲੀ ਪਾਰੀ 'ਚ 108 ਦੌੜਾਂ ਦੀ ਬੜ੍ਹਤ ਗਵਾਉਣ ਤੋਂ ਬਾਅਦ ਭਾਰਤ ਨੇ ਓਝਾ (47 ਦੌੜਾਂ 'ਤੇ 6 ਵਿਕਟਾਂ) ਅਤੇ ਅਸ਼ਵਿਨ (34 ਦੌੜਾਂ 'ਤੇ 4 ਵਿਕਟਾਂ) ਦੀ ਫਿਰਕੀ ਦੇ ਜਾਦੂ ਦੀ ਬਦੌਲਤ ਵੈਸਟਇੰਡੀਜ਼ ਨੂੰ ਦੂਜੀ ਪਾਰੀ 'ਚ ਸਿਰਫ 134 ਦੌੜਾਂ 'ਤੇ ਢੇਰ ਕਰ ਦਿੱਤਾ ਜਿਸ ਨਾਲ
ਮੇਜ਼ਬਾਨ ਟੀਮ ਨੂੰ ਪੰਜਵੇਂ ਦਿਨ 64 ਓਵਰਾਂ 'ਚ ਜਿੱਤ ਲਈ 243 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੂੰ ਵਰਿੰਦਰ ਸਹਿਵਾਗ (65 ਗੇਂਦਾਂ 'ਚ 60 ਦੌੜਾਂ) ਨੇ ਹਮਲਾਵਰ ਸ਼ੁਰੂਆਤ ਦਿਵਾਈ ਪਰ ਅਹਿਮ ਮੌਕਿਆਂ 'ਤੇ ਵਿਕਟਾਂ ਗਵਾਉਣ ਕਾਰਨ ਮੇਜ਼ਬਾਨ ਟੀਮ ਨੂੰ ਆਖਰੀ ਓਵਰ 'ਚ 9 ਵਿਕਟਾਂ 'ਤੇ 242 ਦੌੜਾਂ ਦੇ ਸਕੋਰ ਨਾਲ ਲੜੀ 'ਚ 2-0 ਦੀ ਜਿੱਤ ਹੀ ਸੰਤੋਸ਼ ਕਰਨਾ ਪਿਆ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਦੀ ਅਨੁਭਵਹੀਣਤਾ ਅਤੇ ਭਾਰਤੀ ਸਪਿਨਰਾਂ ਦੇ ਦਮਦਾਰ ਪ੍ਰਦਰਸ਼ਨ ਨੇ ਨੀਰਸ ਮੈਚ 'ਚ ਜਾਨ ਪਾ ਦਿੱਤੀ ਜੋ ਕੱਲ ਤੱਕ ਡਰਾਅ ਵੱਲ ਵਧ ਰਿਹਾ ਸੀ। ਅੱਜ ਦੋ ਵਿਕਟਾਂ 'ਤੇ 81 ਦੌੜਾਂ ਤੋਂ ਅੱਗੇ ਖੇਡਣ ਉਤਰੇ ਵੈਸਟਇੰਡੀਜ਼ ਨੇ ਵਾਨਖੇੜੇ ਸਟੇਡੀਅਮ ਦੀ ਪਿੱਚ 'ਤੇ ਸਵੇਰ ਦੇ ਸੈਸ਼ਨ 'ਚ ਆਪਣੀਆਂ ਆਖਰੀ 8 ਵਿਕਟਾਂ ਸਿਰਫ 53 ਦੌੜਾਂ 'ਤੇ ਗਵਾ ਦਿੱਤੀਆਂ।




