ਲੰਡਨ, 9 ਸਤੰਬਰ : ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੇ ਲੱਖ ਦਬਾਅ ਦੇ ਬਾਵਜੂਦ ਇਰਾਨ ਐਟਮੀ ਮਿਜ਼ਾਇਲ ਬਣਾਉਣ ਦੇ ਅਖੀਰਲੇ ਪੜਾਅ ਵਿਚ ਪਹੁੰਚ ਚੁੱਕਾ ਹੈ। ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੇ ਕੀਤਾ।
ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਪ੍ਰੀਸ਼ਦ ਦੇ ਕਰੜੇ ਪ੍ਰਬੰਧਾਂ ਅਤੇ ਅਮਰੀਕਾ ਸਹਿਤ ਸੰਸਾਰ ਭਰ ਦੇ ਸੰਗਠਨਾਂ ਦੇ ਭਾਰੀ ਦਬਾਅ ਦੇ ਬਾਵਜੂਦ ਈਰਾਨ ਨੇ ਯੂਰੇਨੀਅਮ ਤਿਆਰ ਕਰ ਲਿਆ ਹੈ। ਇਰਾਨ ਦੇ ਵਿਗਿਆਨੀਆਂ ਨੇ ਲਗਭਗ 22 ਕਿਲੋ ਯੂਰੇਨੀਅਮ ਬਣਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ। ਟੈਲੀਗ੍ਰਾਫ ਦੇ ਅਨੁਸਾਰ ਇਰਾਨ ਦੇ ਕੋਲ ਇਸ ਸਮੇਂ ਜਿੰਨਾ ਯੂਰੇਨੀਅਮ ਹੈ ਉਹ ਸਮੁੱਚੇ ਖੇਤਰ ਵਿਚ ਤਬਾਹੀ ਫੈਲਾਉਣ ਦੇ ਲਈ ਕਾਫੀ ਹੈ। ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੇ ਆਪਣੀ ਇਕ ਗੁਪਤ ਰਿਪੋਰਟ ਵਿਚ ਕਿਹਾ ਹੈ ਕਿ ਇਰਾਨ ਨੇ ਆਪਣੇ ਐਟਮੀ ਪ੍ਰੋਗਰਾਮ ਦੀ ਜਾਂਚ ਦੇ ਕੰਮ ਵਿਚ ਰੁਕਾਵਟ ਪਾਈ ਹੈ। ਉਸ ਨੇ ਪ੍ਰਮਾਣੂ ਏਜੰਸੀ ਦੇ ਇੰਸਪੈਕਟਰਾਂ ਦੀ ਚੋਣ 'ਤੇ ਵਾਰ ਵਾਰ ਖੇਦ ਪ੍ਰਗਟ ਕੀਤਾ ਹੈ। ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦਾ ਕਹਿਣਾ ਹੈ ਕਿ ਇਰਾਨ ਇਨ੍ਹਾਂ ਇੰਸਪੈਕਟਰਾਂ ਨੂੰ ਉਹ ਜਾਣਕਾਰੀ ਨਹੀਂ ਦੇ ਰਿਹਾ ਜੋ ਕਿ ਉਨ੍ਹਾਂ ਨੂੰ ਦੇਣੀ ਬਣਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੰਤਰਰਾਸ਼ਟਰੀ ਭਾਈਚਾਰੇ ਦਾ ਦਬਾਅ ਅਤੇ ਪ੍ਰਮਾਣੂ ਊਰਜਾ ਵਾਲੇ ਦੇਸ਼ਾਂ ਦੇ ਦਬਾਅ ਨੂੰ ਇਰਾਨ ਕਿੱਥੋਂ ਤੱਕ ਕਬੂਲਦਾ ਹੈ ਅਤੇ ਆਪਣੇ ਪ੍ਰਾਮਣੂ ਊਰਜਾ ਪ੍ਰੋਗਰਾਮ ਬਾਰੇ ਸਾਰੀ ਜਾਣਕਾਰੀ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਇੰਸਪੈਕਟਰਾਂ ਨੂੰ ਦਿੰਦਾ ਹੈ। ਜ਼ਿਕਰਯੋਗ ਹੈ ਕਿ ਇਰਾਨ ਕੋਲ ਯੂਰੇਨੀਅਮ ਹੋਣ
ਬਾਰੇ ਤੱਥ ਭਾਵੇਂ ਸਾਰੀ ਦੁਨੀਆਂ ਸਾਹਮਣੇ ਉਜਾਗਰ ਹੋ ਗਏ ਹਨ ਪਰ ਇਰਾਨ ਵੱਲੋਂ ਟਾਲਮਟੋਲ ਵਾਲੀ ਨੀਤੀ ਕਾਰਨ ਸਮੁੱਚੀ ਦੁਨੀਆਂ ਨੂੰ ਫਿਕਰਮੰਦ ਹੋਣ ਦੀ ਜ਼ਰੂਰ ਹੀ ਲੋੜ ਹੈ। ਅਮਰੀਕਾ ਨੇ ਵੀ ਇਰਾਨ ਕੋਲ ਯੂਰੇਨੀਅਮ ਦੇ ਭੰਡਾਰ ਹੋਣ ਬਾਰੇ ਪੁਸ਼ਟੀ ਜਾਹਿਰ ਕੀਤੀ ਹੈ।




