ਸੰਯੁਕਤ ਰਾਸ਼ਟਰ, 4 ਸਤੰਬਰ ਪਾਕਿਸਤਾਨ ਵਿੱਚ ਆਏ ਭਿਆਨਕ ਹੜ੍ਹ ਕਾਰਣ ਨਵੀਂ ਦਿੱਲੀ ਅਤੇ ਇਸਲਾਮਾਬਾਦ ਨੂੰ ਆਪਣੇ ਰਾਜਨੀਤਿਕ ਸੰਬੰਧਾਂ ਵਿੱਚ ਸੁਧਾਰ ਲਿਆਉਣ ਅਤੇ ਸ਼ਾਂਤੀ ਪ੍ਰਕ੍ਰਿਆ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਮਿਲਿਆ ਹੈ। ਇਹ ਕਹਿਣਾ ਹੈ ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀ ਦਾ, ਜੋ ਮੰਨਦੇ ਹਨ ਕਿ ਹੜ੍ਹ ਕਾਰਣ ਦੋਵੇਂ ਦੇਸ਼ਾਂ ਦੇ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ ਹੈ। ਸੰਯੁਕਤ ਰਾਸ਼ਟਰ ਦਫਤਰ ਵਿੱਚ ਆਪਣੇ ਸੰਬੋਧਨ ਵਿੱਚ ਗਾਂਧੀ ਨੇ ਸਰਕਾਰਾਂ, ਮੀਡੀਆ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ਕੁਦਰਤੀ ਆਫਤ ਦੌਰਾਨ ਪੁਰਾਣੀ ਕੜਵਾਹਟ ਭੁਲਾ ਦੇਣ ਦੀ ਬੇਨਤੀ ਕੀਤੀ ਹੈ।ਜਿਸ ਸਮਾਰੋਹ ਵਿੱਚ ਗਾਂਧੀ ਬੋਲ ਰਹੇ ਸਨ, ਉਸ ਵਿੱਚ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਰਾਜਦੂਤ ਅਬਦੁੱਲਾ ਹੁਸੈਨ ਹਾਰੂਨ ਨੇ ਵੀ ਹਿੱਸਾ ਲਿਆ। ਇਲੀਨੋਈਸ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰਿੰਸੀਪਲ ਗਾਂਧੀ ਨੇ ਕਿਹਾ ਕਿ ਮੁਸ਼ਕਿਲ ਦੀ ਇਸ ਘੜੀ ਵਿੱਚ ਲੋਕਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਉਹ ਇੱਕ ਦੂਜੇ ਤੋਂ ਅਲੱਗ ਨਹੀਂ ਹਨ। ਇਸੇ ਮੌਕੇ ਦਾ ਸਾਨੂੰ ਲਾਭ ਚੁੱਕਣਾ ਚਾਹੀਦਾ ਹੈ।ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਵੱਲੋਂ ਪਾਕਿਸਤਾਨ ਨੂੰ ਦਿੱਤੀ ਗਈ 2.5 ਕਰੋੜ ਡਾਲਰ ਦੀ ਸਹਾਇਤਾ ਦਾ ਗਹਿਰਾ ਪ੍ਰਭਾਵ ਪਵੇਗਾ ਜਾਂ ਇਸ ਨੂੰ ਸਿਰਫ ਸਦਭਾਵਨਾ ਸੰਕੇਤ ਦੇ ਤੌਰ ਤੇ ਯਾਦ ਕੀਤਾ ਜਾਵੇਗਾ। ਇਸ ਤੇ ਗਾਂਧੀ ਨੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਦੇ ਰਾਜਨੀਤਿਕਾਂ, ਦੋਵਾਂ ਦੇਸ਼ਾਂ ਦੇ ਮੀਡੀਆ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਤੇ ਨਿਰਭਰ ਕਰਦਾ ਹੈ।ਸੰਯੁਕਤ ਰਾਸ਼ਟਰ ਨੇ 4.60 ਕਰੋੜ ਡਾਲਰ ਦੀ ਸਹਾਇਤਾ ਦੀ ਤਾਜਾ ਅਪੀਲ ਕੀਤੀ ਹੈ ਜਿਸ ਵਿੱਚੋਂ 2.91 ਕਰੋੜ ਡਾਲਰ ਦੀ ਰਾਸ਼ੀ ਮਿਲ ਚੁਕੀ ਹੈ। ਭਾਰਤ ਨੇ
ਸ਼ੁਰੂ ਵਿੱਚ 50 ਲੱਖ ਡਾਲਰ ਦੀ ਸਹਾਇਤਾ ਦਿੱਤੀ ਸੀ ਅਤੇ ਬਾਅਦ ਵਿੱਚ ਉਸਨੇ 2 ਕਰੋੜ ਡਾਲਰ ਦੀ ਸਹਾਇਤਾ ਹੋਰ ਦਿੱਤੀ। ਐਮਰਜੈਂਸੀ ਰਾਹਤ ਪ੍ਰਤੀਕ੍ਰਿਆ ਮਿਲਣ ਤੋਂ ਬਾਅਦ ਪਾਕਿਸਤਾਨ ਨੂੰ ਹੁਣ ਅਰਬਾਂ ਡਾਲਰ ਦੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਕਿ ਇਹ ਨੁਕਸਾਨ ਦੀ ਭਰਪਾਈ ਕਰ ਸਕੇ ਅਤੇ ਪੁਨਰਵਾਸ ਪ੍ਰਕ੍ਰਿਆ ਨੂੰ ਅੱਗੇ ਵਧਾ ਸਕੇ।
ਭਾਰਤ ਕਹਿ ਚੁੱਕਿਆ ਹੈ ਕਿ ਉਹ ਪੁਨਰ ਨਿਰਮਾਣ ਦੇ ਵੱਖ-ਵੱਖ ਗੇੜਾਂ ਵਿੱਚ ਪਾਕਿਸਤਾਨ ਦੀ ਮਦਦ ਕਰੇਗਾ। ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਮਹਾ ਸਭਾ ਵਿੱਚ ਵਿਸ਼ਵ ਸੰਸਥਾ ਵਿੱਚ ਭਾਰਤ ਦੇ ਰਾਜਦੂਤ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਜਦੋਂ ਪਾਕਿਸਤਾਨ ਮੁੜ ਉਸਾਰੀ ਦੀ ਪ੍ਰਕ੍ਰਿਆ ਸ਼ੁਰੂ ਕਰੇਗਾ ਤਾਂ ਅਸੀਂ ਆਪਣੀ ਪੂਰੀ ਸਮਰਥਾ ਨਾਲ ਉਨ੍ਹਾਂ ਦੀ ਮਦਦ ਕਰਾਂਗੇ। ਹਾਰੂਨ ਨੇ ਅੱਜ ਭਾਰਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੁਆਂਢੀ ਦੇਸ਼ ਦੀ ਮਦਦ ਲਈ ਹੋਰ ਯਤਨ ਕਰੇ।




