ਕ੍ਰਾਈਸਟਚਰਚ, 4 ਸਤੰਬਰ ਨਿਊਜੀਲੈਂਡ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕ੍ਰਾਈਸਟਚਰਚ ਵਿੱਚ ਭੂਚਾਲ ਦਾ 7.0 ਗਤੀ ਦਾ ਸ਼ਕਤੀਸ਼ਾਲੀ ਝਟਕਾ ਆਉਣ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮੇਅਰ ਬਾਬ ਪਾਰਕਰ ਨੇ ਦੱਸਿਆ ਕਿ ਭੂਚਾਲ ਨਾਲ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਸਰਕਾਰੀ ਰੇਡੀਓ ਤੇ ਐਲਾਨ ਕੀਤਾ ਕਿ ਅਸੀਂ ਸ਼ਹਿਰ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਜੇਕਰ ਜ਼ਰੂਰੀ ਹੋਇਆ ਤਾਂ ਸਾਡੇ ਲਈ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਣਾ ਅਤੇ ਸੜਕਾਂ ਨੂੰ ਬੰਦ ਕਰਵਾਉਣਾ ਆਸਾਨ ਹੋ ਜਾਵੇਗਾ।
ਪਾਰਕਰ ਨੇ ਕਿਹਾ ਕਿ ਜਿੰਨਾ ਖਦਸ਼ਾ ਸੀ ਉਸ ਤੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ ਹੈ। ਭੂਚਾਲ ਦੇ ਝਟਕੇ ਨਾਲ ਕਈ ਇਮਾਰਤਾਂ ਅਤੇ ਦਰਖਤ ਡਿਗ ਗਏ ਹਨ ਜਿਸ ਨਾਲ ਵਾਹਨਾਂ ਨੂੰ ਨੁਕਸਾਨ ਹੋਇਆ ਹੈ। ਬਿਜਲੀ ਦੀ ਸਪਲਾਈ ਠਪ ਹੋ ਗਈ ਹੈ। ਕਈ ਪੁਲ ਤਬਾਹ ਹੋ ਗਏ ਹਨ ਅਤੇ ਸੜਕਾਂ ਤੇ ਖਿੜਕੀਆਂ ਦੇ ਟੁੱਟੇ ਕੱਚ ਬਿਖਰੇ ਹੋਏ ਹਨ। ਜਗ੍ਹਾ ਜਗ੍ਹਾ ਮਲਬਾ
ਫੈਲਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਝਟਕਾ ਤੜਕੇ ਆਇਆ ਅਤੇ ਬਹੁਤ ਹੀ ਘੱਟ ਲੋਕ ਸੜਕਾਂ ਤੇ ਸਨ ਨਹੀਂ ਤਾਂ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੁੰਦੇ। ਭੂਚਾਲ ਦੇ ਝਟਕੇ ਨਾਲ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।




