ਨਵੀਂ ਦਿੱਲੀ, 6 ਸਤੰਬਰ - ਗੁਜਰਾਤ ਦੇ ਅਕਸ਼ਰਧਾਮ ਮੰਦਿਰ 'ਤੇ ਸੰਨ 2002 ਵਿਚ ਹੋਏ ਹਮਲੇ ਦੇ ਦੋ ਦੋਸ਼ੀਆਂ ਨੂੰ ਮਿਲੀ ਮੌਤ ਦੀ ਸਜ਼ਾ ਉਤੇ ਸੁਪਰੀਮ ਕੋਰਟ ਨੇ ਅੱਜ ਰੋਕ ਲਾ ਦਿੱਤੀ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਉਕਤ ਦੋਨਾਂ ਦੋਸ਼ੀਆਂ ਅਦਮ ਭਾਈ ਸੁਲੇਮਾਨ ਅਤੇ ਅਬਦੁਲ ਕਿਊਮ ਮੁਫ਼ਤੀ ਦੀ ਮੌਤ ਦੀ ਸਜ਼ਾ 'ਤੇ ਫੈਸਲਾ ਬਰਕਰਾਰ ਰੱਖਿਆ ਸੀ।
ਦੱਸਣਯੋਗ ਹੈ ਕਿ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ 24 ਸਤੰਬਰ, 2002 ਨੂੰ ਅਹਿਮਦਾਬਾਦ ਦੇ ਅਕਸ਼ਰਧਾਮ ਮੰਦਿਰ 'ਤੇ ਹਮਲਾ ਕੀਤਾ ਸੀ, ਇਸ ਹਮਲੇ ਦੌਰਾਨ 37 ਲੋਕ ਮਾਰੇ ਗਏ ਸਨ। ਸੁਪਰੀਮ ਕੋਰਟ ਨੇ ਅੱਜ ਦੋਸ਼ੀਆਂ ਦੀ ਸਜ਼ਾ ਉਤੇ ਰੋਕ ਲਾਉਂਦਿਆਂ ਸੀ.ਬੀ.ਆਈ. ਅਤੇ ਗੁਜਰਾਤ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਦੋਨਾਂ ਦੋਸ਼ੀਆਂ ਨੇ ਆਪਣੀ ਸਜ਼ਾ ਨੂੰ ਚੁਣੌਤੀ ਦਿੰਦਿਆਂ ਅਪੀਲ ਦਾਇਰ ਕੀਤੀ ਸੀ।
ਵਿਸ਼ੇਸ ਪੋਟਾ ਅਦਾਲਤ ਨੇ ਜੁਲਾਈ 2006 ਵਿਚ ਸੁਲੇਮਾਨ ਅਤੇ ਮੁਫ਼ਤੀ ਦੋਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਇਸ ਸਾਲ ਜੂਨ ਵਿਚ ਗੁਜਰਾਤ ਹਾਈ ਕੋਰਟ ਨੇ ਇਸ ਸਜ਼ਾ ਉਤੇ ਮੋਹਰ ਲਗਾ ਦਿੱਤੀ ਸੀ। ਦੋਨਾਂ ਦੋਸ਼ੀਆਂ ਨੇ
ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ।




