ਨਵੀਂ ਦਿੱਲੀ, 5 ਸਤੰਬ : ਲੱਦਾਖ਼ ਵਿਚ ਬੱਦਲ ਫਟੜ ਅਤੇ ਹੜ੍ਹਾਂ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਫੰਡ ਇਕੱਤਰ ਕਰਨ ਵਾਸਤੇ ਅੱਜ ਇੱਥੇ ਮੁਲਕ ਦੇ ਨਾਮੀ ਫੋਟੋਗ੍ਰਾਫਰਾਂ ਦੀਆਂ ਫੋਟੋਆਂ ਦੀ ਨੁਮਾਇਸ਼ ਦਾ ਆਗਾਜ਼ ਕੀਤਾ ਗਿਆ। ਇਸ ਨੁਮਾਇਸ਼ ਵਿਚ ਨਾਮੀ ਫੋਟੋਗ੍ਰਾਫਰਾਂ ਸਮਰ ਜੋਧਾ, ਪ੍ਰਬੀਰ ਪੁਰਕਯਾਸਥਾ, ਅਮਿਤ ਪਸਰੀਚਾ ਅਤੇ ਰੋਹਿਤ ਚਾਵਲਾ ਨੇ ਆਪਣੀਆਂ ਬੇਸ਼ਕੀਮਤੀ ਤਸਵੀਰਾਂ ਲਾਈਆਂ ਹਨ ਜਿਨ੍ਹਾਂ ਤੋਂ ਹੋਣ ਵਾਲੀ ਵੱਟਤ ਨੂੰ ਲੇਹ ਦੇ ਹੜ੍ਹ ਮਾਰੇ ਲੋਕਾਂ ਦੀ ਮਦਦ ਲਈ ਭੇਜਿਆ ਜਾਵੇਗਾ। ਇਹ ਨੁਮਾਇਸ਼ ਲੱਦਾਖ਼ੀਆਂ ਦੀ ਮਦਦ ਲਈ ਰੈਲੀਗੇਅਰ ਆਰਟ ਅਤੇ ਐਨ.ਡੀ.ਟੀ.ਵੀ. ਵੱਲੋਂ ਕੀਤੀ ਗਈ ਪਹਿਲਕਦਮੀ ਦਾ ਸਿੱਟਾ ਹੈ। ਨੁਮਾਇਸ਼ ਵਿਚ ਲੱਦਾਖ਼ ਦੇ ਬੀਤੇ ਸਾਲਾਂ ਦੌਰਾਨ ਕੈਮਰਾਬੰਦ ਕੀਤੇ ਗਏ ਅਨੇਕਾਂ ਦਿਲਕਸ਼ ਨਜ਼ਾਰਿਆਂ ਦੀਆਂ ਤਸਵੀਰਾਂ ਸਜਾਈਆਂ ਗਈਆਂ ਹਨ। ਜਿੱਥੇ ਨੁਮਾਇਸ਼ ਵਿਚ ਲੱਦਾਖ਼ੀ ਨਜ਼ਾਰਿਆਂ ਅਤੇ ਉੱਥੋਂ ਦੇ ਲੋਕਾਂ ਨੂੰ ਵੱਡੇ ਪੱਧਰ ਉੱਤੇ ਦਿਖਾਇਆ ਗਿਆ ਹੈ ਉੱਥੇ ਕੁਝ ਥਾਂ ਫੋਟੋਗ੍ਰਾਫਰਾਂ ਦੀਆਂ ਹੋਰ ਤਸਵੀਰਾਂ ਨੂੰ ਵੀ ਦਿੱਤੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਨਾਮੀ ਫੋਟੋਗ੍ਰਾਫਰ ਰੋਹਿਤ ਚਾਵਲਾ ਨੇ ਕਿਹਾ, ''ਲੱਦਾਖ਼ ਹਰੇਕ ਫੋਟੋਗ੍ਰਾਫਰ ਦਾ ਸੁਪਨਾ ਹੁੰਦਾ ਹੈ, ਇਹ ਬਹੁਤ ਸਾਲਾਂ ਤੋਂ ਬਹੁਤਾਂ ਲਈ ਪ੍ਰੇਰਨਾ ਦਾ ਸਰੋਤ ਹੈ। ਹਾਲਾਂਕਿ ਮੈਂ ਬੜੇ ਸਾਲਾਂ ਬਾਅਦ ਲੱਦਾਖ਼ ਗਿਆ ਸਾਂ, ਜਿਵੇਂ ਤੁਸੀਂ ਤਸਵੀਰਾਂ ਤੋਂ ਦੇਖ ਸਕਦੇ ਹੋ। ਪਰ ਹਰੇਕ ਫੋਟੋਗ੍ਰਾਫਰ ਉੱਥੇ ਜਾ ਕੇ ਖੁਸ਼ ਹੁੰਦਾ ਹੈ।''ਰੈਲੀਗੇਅਰ ਆਰਟ ਦੇ ਡਾਇਰੈਕਟਰ
ਮੁਕੇਸ਼ ਪਨੀਨਾ ਨੇ ਕਿਹਾ, ''ਇਸ ਵਿਚ 35 ਕਲਾਕਾਰਾਂ ਦੀਆਂ ਕਰੀਬ 80 ਕ੍ਰਿਤਾਂ ਲਾਈਆਂ ਗਈਆਂ ਹਨ। ਇਸ ਵਿਚ ਹਾਲਾਂਕਿ ਹੋਰ ਕ੍ਰਿਤਾਂ ਵੀ ਹਨ ਪਰ 95 ਫੀਸਦੀ ਕ੍ਰਿਤਾਂ ਲੱਦਾਖ਼ ਅਤੇ ਇਸ ਦੇ ਚੌਗਿਰਦੇ ਨਾਲ ਸਬੰਧਤ ਹਨ।''




