ਅਲਾਜੂਏਲਾ (ਕੋਸਟਾ ਰੀਕਾ)/ਚੰਡੀਗੜ੍ਹ, 9 ਸਤੰਬਰ : ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਗਰੀਨ ਹਾਊਸ ਖੇਤੀ ਦੇ ਕੋਸਟਾ ਰੀਕਾ ਮਾਡਲ ਤੋਂ ਬੇਹੱਦ ਪ੍ਰਭਾਵਤ ਹੋਏ ਹਨ। ਇਸ ਤਕਨੀਕ ਨਾਲ ਕੀਤੀ ਜਾਂਦੀ ਖੇਤੀ ਨਾਲ ਜਿਥੇ ਫ਼ਸਲਾਂ ਦੀ ਗੁਣਵੱਤਾ ਅਤੇ ਝਾੜ ਵਿਚ ਵਾਧਾ ਹੁੰਦਾ ਹੈ, ਉਥੇ ਕਿਸਾਨਾਂ ਨੂੰ ਵੀ ਉਨ੍ਹਾਂ ਦੀਆਂ ਫ਼ਸਲਾਂ ਦਾ ਮੁਨਾਫ਼ੇਮੰਦ ਭਾਅ ਮਿਲ ਜਾਂਦਾ ਹੈ। ਚੇਤੇ ਰਹੇ ਕਿ ਉਪ ਮੁੱਖ ਮੰਤਰੀ ਭਾਰਤ ਦੀ ਉਸ ਉੱਚ ਪਧਰੀ ਟੀਮ ਦਾ ਹਿੱਸਾ ਹਨ ਜੋ ਕੋਸਟਾ ਰੀਕਾ ਵਿਖੇ ਫ਼ਸਲਾਂ ਦੇ ਝਾੜ ਅਤੇ ਗੁਣਵੱਤਾ ਵਿਚ ਵਾਧੇ ਲਈ ਲੋੜੀਂਦੀਆਂ ਤਕਨੀਕੀ ਪਹਿਲ-ਕਦਮੀਆਂ ਦਾ ਅਧਿਐਨ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨਾਲ ਬਰਾਜ਼ੀਲ ਦੇ ਦੌਰੇ 'ਤੇ ਗਏ ਹੋਏ ਹਨ। ਇਸ ਸਬੰਧੀ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਅੱਜ ਕੋਸਟਾ ਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ ਚਾਰ ਅਜਿਹੇ ਖੇਤੀ ਫ਼ਾਰਮਾਂ ਦਾ ਦੌਰਾ ਕੀਤਾ, ਜਿਥੇ ਕਿਸਾਨਾਂ ਵਲੋਂ ਲੈਟਿਊਸ ਸਲਾਦ, ਸੈਲਰੀ ਸਲਾਦ, ਟਮਾਟਰ, ਮਿੱਠੀਆਂ ਮਿਰਚਾਂ ਅਤੇ ਧਨੀਆ ਆਦਿ ਦੀ ਖੇਤੀ ਕੀਤੀ ਜਾ ਰਹੀ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਵੇਲੇ ਅਪਣੀਆਂ ਪ੍ਰਮੁੱਖ ਫ਼ਸਲਾਂ ਝੋਨੇ ਅਤੇ ਕਣਕ ਦੀ ਪੈਦਾਵਾਰ ਵਿਚ ਆਈ ਖੜੋਤ ਨਾਲ ਜੂਝ ਰਿਹਾ ਹੈ ਅਤੇ ਇਸ ਦੇ ਕੁਦਰਤੀ ਸਰੋਤ ਭਾਵ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ
ਜ਼ਮੀਨ ਹੇਠਲਾ ਪਾਣੀ ਵੀ ਤੇਜ਼ੀ ਨਾਲ ਘੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਖੇਤੀ ਅੰਦਰ ਵਿਭਿੰਨਤਾ ਦੀ ਵੱਡੀ ਲੋੜ ਹੈ। ਸ. ਬਾਦਲ ਨੂੰ ਨਵੀਂ ਤਕਨਾਲੌਜੀ ਹਾਈਡਰੋ ਫ਼ੋਨਿਕਸ ਦੀ ਇਕ ਪੇਸ਼ਕਾਰੀ ਵਿਖਾਈ ਗਈ ਜਿਸ ਤਹਿਤ ਪੌਦਿਆਂ ਨੂੰ ਪੂਰੀ ਤਰ੍ਹਾਂ ਕੰਟਰੋਲ ਹਾਲਾਤ ਵਿਚ ਗਰੀਨ ਹਾਊਸ ਅੰਦਰ ਉਗਾਇਆ ਜਾਂਦਾ ਹੈ। ਉਨ੍ਹਾਂ ਨੂੰ ਦਸਿਆ ਗਿਆ ਕਿ ਇਸ ਤਕਨਾਲੌਜੀ ਤਹਿਤ ਪੌਦਿਆਂ ਦੀ ਨਰਸਰੀ ਨੂੰ ਖਾਦ ਨਾਲ ਭਰੀਆਂ ਟਰੇਆਂ ਵਿਚ ਉਗਾਇਆ ਜਾਂਦਾ ਹੈ, ਜਿਥੋਂ ਉਨ੍ਹਾਂ ਨੂੰ ਅਗੇ ਇਕ ਅਜਿਹੇ ਮਾਧਿਅਮ ਵਿਚ ਮੁੜ ਲਾਇਆ ਜਾਂਦਾ ਹੈ। ਉਥੇ ਜ਼ਮੀਨ ਨਹੀਂ ਹੁੰਦੀ ਬਲਕਿ ਉਨ੍ਹਾਂ ਨੂੰ ਪਾਣੀ ਦੇ ਨਾਲ-ਨਾਲ ਖਾਦਾਂ ਅਤੇ ਹੋਰ ਖਣਿਜਾਂ ਦੀ ਕੰਟਰੋਲ ਢੰਗ ਨਾਲ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਦਸਿਆ ਗਿਆ ਕਿ ਇਸ ਢੰਗ ਰਾਹੀਂ ਜਿਥੇ ਫ਼ਸਲਾਂ ਨੂੰ ਜ਼ਮੀਨ ਵਿਚੋਂ ਲਗਦੀਆਂ ਬੀਮਾਰੀਆਂ ਤੋਂ ਬਚਾਇਆ ਜਾਂਦਾ ਹੈ, ਉਥੇ ਫ਼ਸਲਾਂ ਲਈ ਲੋੜੀਂਦੇ ਖ਼ੁਰਾਕੀ ਤੱਤਾਂ ਦੀ ਕੁਸ਼ਲ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਇਹ ਵੀ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਵਾਧੂ ਪਾਣੀ ਨੂੰ ਮੁੜ ਵਰਤ ਕੇ ਫ਼ਸਲ ਦੀਆਂ ਪਾਣੀ ਸਬੰਧੀ ਲੋੜਾਂ ਨੂੰ ਨਾ ਮਾਤਰ ਕਰ ਦਿਤਾ ਜਾਂਦਾ ਹੈ। ਇਸ ਨਾਲ ਖ਼ੁਰਾਕੀ ਤੱਤਾਂ ਦਾ ਵੀ ਨੁਕਸਾਨ ਕਾਫ਼ੀ ਘੱਟ ਜਾਂਦਾ ਹੈ। ਉਪ ਮੁੱਖ ਮੰਤਰੀ ਨੇ ਕੋਸਟਾ ਰੀਕਾ ਦੇ ਅਲਾਜੁਏਲਾ ਪ੍ਰਾਂਤ ਦੇ ਉਨ੍ਹਾਂ ਕਿਸਾਨਾਂ ਨਾਲ ਖੁੱਲ੍ਹਾ ਵਿਚਾਰ-ਵਟਾਂਦਰਾ ਕੀਤਾ ਜੋ ਇਹ ਤਕਨਾਲੌਜੀ ਨੂੰ ਅਪਣਾ ਰਹੇ ਹਨ। ਕਿਸਾਨਾਂ ਨੇ ਦਸਿਆ ਕਿ ਇਸ ਤਕਨਾਲੌਜੀ ਨੂੰ ਅਪਨਾਉਣ ਉਪਰੰਤ ਉਨ੍ਹਾਂ ਦੀਆਂ ਫ਼ਸਲਾਂ ਦਾ ਝਾੜ ਜਿਥੇ ਦੁਗਣਾਂ ਹੋ ਗਿਆ ਹੈ, ਉਥੇ ਇਨ੍ਹਾਂ ਦੀ ਗੁਣਵੱਤਾ ਵਿਚ ਵੀ ਜ਼ਿਕਰਯੋਗ ਸੁਧਾਰ ਆਇਆ ਹੈ। ਨਤੀਜੇ ਵਜੋਂ ਉਨ੍ਹਾਂ ਨੂੰ ਕਾਫ਼ੀ ਲਾਹੇਵੰਦ ਭਾਅ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨੂੰ ਅਪਨਾਉਣ ਨਾਲ ਜਿਥੇ ਉਨ੍ਹਾਂ ਦੇ ਮਜ਼ਦੂਰੀ ਖ਼ਰਚੇ ਵਿਚ ਕਾਫ਼ੀ ਕਮੀ ਆਈ ਹੈ, ਉਥੇ ਜ਼ਿਆਦਾਤਰ ਪਰਵਾਰ ਅਪਣੇ ਤੌਰ 'ਤੇ ਹੀ ਇਨ੍ਹਾਂ ਗਰੀਨ ਹਾਊਸਾਂ ਦੀ ਸੰਭਾਲ ਕਰ ਰਹੇ ਹਨ। ਇਸ ਮੌਕੇ ਇਕ ਕਿਸਾਨ ਨੇ ਦਸਿਆ ਕਿ ਉਹ ਕਿਸ ਤਰ੍ਹਾਂ ਇਕ 2 ਮੀਟਰ ਚੌੜੇ ਅਤੇ 16 ਮੀਟਰ ਲੰਬੇ ਮਸਨੂਈ ਬੈਡ ਤੋਂ 4-5 ਹਫ਼ਤਿਆਂ ਦੇ ਸੰਖੇਪ ਸਮੇਂ ਵਿਚ 200 ਡਾਲਰ ਦਾ ਲੈਟਸ ਸਲਾਦ ਪੈਦਾ ਕਰਨ ਵਿਚ ਸਫ਼ਲ ਰਿਹਾ ਹੈ। ਇਹ ਤਕਨਾਲੋਜੀ ਜੋ ਅਰੰਭਕ ਹੁੰਦੀ ਨਿਵੇਸ਼ ਤੋਂ ਬਾਅਦ ਬਾਕੀ ਹਰ ਤਰ੍ਹਾਂ ਦੇ ਖ਼ਰਚੇ ਨੂੰ ਜਿਥੇ ਕਾਫ਼ੀ ਘਟਾ ਦਿੰਦੀ ਹੈ, ਉਥੇ ਵੱਧ ਉਤਪਾਦਨ ਲਈ ਵੀ ਸਹਾਈ ਹੁੰਦੀ ਹੈ। ਇਸ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਟਮਾਟਰਾਂ ਨੂੰ ਡੱਬਾ ਬੰਦ ਕਰਨ ਦੇ ਇਕ ਯੂਨਿਟ ਦਾ ਵੀ ਦੌਰਾ ਕਰ ਕੇ ਦੇਖਿਆ ਕਿ ਕਿਸ ਤਰ੍ਹਾਂ ਕੁਸ਼ਲ ਅਤੇ ਘੱਟ ਲਾਗਤ ਵਾਲੇ ਢੰਗ ਨਾਲ ਟਮਾਟਰਾਂ ਦੀ ਦਰਜ਼ਾਬੰਦੀ, ਸਫ਼ਾਈ ਅਤੇ ਪੈਕਿੰਗ ਕੀਤੀ ਜਾ ਸਕਦੀ ਹੈ। ਇਸ ਪੈਕਿੰਗ ਰਾਹੀਂ ਜਿਥੇ ਕਿਸਾਨਾਂ ਨੂੰ ਬਿਹਤਰ ਭਾਅ ਮਿਲਦਾ ਹੈ, ਉਥੇ ਉਤਪਾਦ ਦੀ ਉਮਰ ਵੀ ਵਧਦੀ ਹੈ। ਇਹ ਤਕਨਾਲੋਜੀ ਬੇਹੱਦ ਸਾਦਾ ਅਤੇ ਪ੍ਰਭਾਵਸ਼ਾਲੀ ਹੈ ਅਤੇ ਇਸ ਨੂੰ ਪੰਜਾਬ ਅੰਦਰ ਵੀ ਬਿਨਾਂ ਕਿਸੇ ਦਿਕਤ ਦੇ ਅਪਣਾਇਆ ਜਾ ਸਕਦਾ ਹੈ। ਇਸ ਲਈ ਲੋੜੀਂਦੀਆਂ ਮਸ਼ੀਨਾਂ ਤਿਆਰ ਹੋ ਸਕਦੀਆਂ ਹਨ। ਸ. ਬਾਦਲ ਨੇ ਕਿਹਾ ਕਿ ਇਹ ਤਕਨਾਲੌਜੀ ਪੰਜਾਬ ਅੰਦਰ ਸਬਜ਼ੀਆਂ ਦੇ ਉਤਪਾਦਨ ਨੂੰ ਵਧਾਉਣ ਅਤੇ ਉਨ੍ਹਾਂ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ।




