ਚੰਡੀਗੜ੍ਹ,5 ਸਤੰਬਰ ਪੰਜਾਬ ਵਿਚ ਖੇਤੀਯੋਗ ਜ਼ਮੀਨ ਦੀ ਕਮੀ ਹੋ ਜਾਣ ਦੇ ਕਾਰਨ ਸਰਕਾਰ ਨੇ ਹੁਣ ਵਿਦੇਸ਼ਾਂ ਵਿਚ ਖੇਤੀਯੋਗ ਉਪਜਾਊ ਭੂਮੀ ਲੱਭਣੀ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਅਰਜਨਟੀਨਾ ਵਿਚ ਇਸ ਮੁੱਦੇ 'ਤੇ ਖੇਤੀ ਯੋਗ ਭੂਮੀ ਟਰਾਂਸਫਰ ਕਰਨ ਵਾਲੇ ਰੀਅਲ ਅਸਟੇਟ ਏਜੰਟਾਂ ਦੇ ਨਾਲ ਗਲਬਾਤ ਕਰਨਗੇ। ਕਜ਼ਾਕਿਸਤਾਨ, ਅਰਜਨਟੀਨਾ ਸਮੇਤ ਕਈ ਸਰਕਾਰਾਂ ਨੇ ਭਾਰਤ ਸਰਕਾਰ ਕੋਲ ਖੇਤੀਯੋਗ ਭੂਮੀ ਦੇਣ ਦਾ ਸੁਝਾਅ ਰੱਖਿਆ ਹੈ ਅਤੇ ਆਪਣੇ ਕਿਸਾਨ ਭੇਜ ਕੇ ਖੇਤੀ ਕਰਵਾਉਣ ਦੇ ਲਈ ਕਿਹਾ ਗਿਆ ਹੈ। ਭਾਰਤ ਸਰਕਾਰ ਨੇ ਇਹੀ ਸੁਝਾਅ ਪੰਜਾਬ ਸਰਕਾਰ ਨੂੰ ਭੇਜ ਕੇ ਇਸ ਮਾਮਲੇ ਵਿਚ ਪੰਜਾਬੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕਿਹਾ ਹੈ। ਪੰਜਾਬ ਦੇ ਖੇਤੀ ਮੰਤਰੀ ਸੁੱਚਾ ਸਿੰਘ ਲੰਗਾਹ ਵੀ ਪਿਛਲੇ ਦਿਨੀਂ ਕਜਾਕਿਸਤਾਨ ਗਏ ਸਨ । ਕਈ ਦੇਸ਼ਾਂ ਵਿਚ ਪਹਿਲਾਂ ਤੋਂ ਹੀ ਪੰਜਾਬ ਦੇ ਕਿਸਾਨ ਲੀਜ਼ ਉਤੇ ਜ਼ਮੀਨ ਉਤੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਕਈ ਦੂਤਾਵਾਸਾਂ ਨੂੰ ਸੁਝਾਅ ਭੇਜ ਕੇ ਪੁੱਛਿਆ ਹੈ ਕਿ ਇਹ ਲੀਜ਼ ਕਿੰਨੇ ਸਾਲਾਂ ਦੇ ਲਈ ਹੋਵੇਗੀ। ਹੁਣ ਤੱਕ ਕਿਸੇ ਨੇ ਇਸ ਦਾ ਜਵਾਬ ਨਹੀਂ ਦਿੱਤਾ ਹੈ।
ਖੇਤੀ ਵਿਭਾਗ ਦੇ ਮੁੱਖੀ ਡਾ. ਬੀ ਐਸ ਸਿੱਧੂ ਨੇ ਕਿਹਾ ਕਿ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਖੇਤੀ ਕਰ ਰਹੇ ਹਨ ਅਤੇ ਪੰਜਾਬ ਦੇ ਕਿਸਾਨਾਂ ਨੇ ਆਪਣੀ ਖੇਤੀ ਦੇ ਜੌਹਰ ਕੈਨੇਡਾ ਅਤੇ ਅਮਰੀਕਾ ਵਿਚ ਵੀ ਵਿਖਾਏ ਹਨ। ਅਰਜਨਟੀਨਾ ਵਿਚ ਵੀ ਇਕ ਕਿਸਾਨ ਲਗਭਗ 25 ਹਜ਼ਾਰ ਏਕੜ ਜ਼ਮੀਨ ਲੀਜ਼ 'ਤੇ ਲੈ ਕੇ ਖੇਤੀ ਕਰ ਰਿਹਾ ਹੈ। ਕੇਂਦਰੀ ਖੇਤੀ ਮੰਤਰੀ
ਸ਼ਰਦ ਪੁਆਰ ਅਤੇ ਸੁਖਬੀਰ ਸਿੰਘ ਬਾਦਲ ਸਹਿਤ ਕਈ ਹੋਰ ਅਧਿਕਾਰੀਆਂ ਦੇ ਪ੍ਰਤੀਨਿਧੀ ਮੰਡਲਾਂ ਨੂੰ ਆਪਣੇ ਵਿਅਕਤੀਗਤ ਤਜਰਬਿਆਂ ਤੋਂ ਜਾਣੂ ਕਰਵਾਉਣਗੇ।
ਇਸ ਤੋਂ ਇਲਾਵਾ ਚੀਨ ਵਿਚ ਵੀ ਇਕ ਪੰਜਾਬੀ ਕਿਸਾਨ ਬਹੁਤ ਵੱਡੇ ਪੱਧਰ 'ਤੇ ਖੇਤੀ ਕਰ ਰਿਹਾ ਹੈ। ਭਾਵੇਂ ਜਿੰਨੀ ਵੀ ਵਿਦੇਸ਼ੀ ਜ਼ਮੀਨ 'ਤੇ ਪੰਜਾਬੀਆਂ ਨੇ ਖੇਤੀ ਸ਼ੁਰੂ ਕੀਤੀ ਹੋਵੇ ਇਸ ਦਾ ਕੋਈ ਵੀ ਠੋਸ ਬਿਓਰਾ ਨਹੀਂ ਹੈ ਕਿਉਂਕਿ ਕਈਆਂ ਨੇ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਿਨਾਂ ਬਿਲਕੁਲ ਨਿੱਜੀ ਤੌਰ 'ਤੇ ਹੀ ਇਹ ਕੰਮ ਸ਼ੁਰੂ ਕੀਤਾ ਹੈ ਪਰ ਹੁਣ ਭਾਰਤ ਸਰਕਾਰ ਸਮੇਤ ਪੰਜਾਬ ਸਰਕਾਰ ਵੀ ਇਸ ਖਿੱਤੇ ਵੱਲ ਗੰਭੀਰਤਾ ਨਾਲ ਧਿਆਨ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਨਾਲ ਜਿੱਥੇ ਪੰਜਾਬ ਵਿਚ ਲਗਾਤਾਰ ਵਧ ਰਹੀ ਬੇਰੁਜ਼ਗਾਰ ਨੂੰ ਠੱਲ੍ਹ ਪਵੇਗੀ ਉੱਥੇ ਹੀ ਪੰਜਾਬ ਵਿਚ ਲਗਾਤਾਰ ਘਟ ਰਹੀ ਖੇਤੀਯੋਗ ਉਪਜਾਊ ਭੂਮੀ ਉਤੇ ਵੀ ਵਾਧੂ ਬੋਝ ਪੈਣ ਤੋਂ ਘਟੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਨਸਾਂ ਦਾ ਸਹੀ ਮੁੱਲ ਸਕੇਗਾ ਅਤੇ ਪੰਜਾਬੀਆਂ ਦੀ ਮਿਹਨਤ ਨਾ ਸਿਰਫ ਪੰਜਾਬ ਬਲਕਿ ਸਮੁੱਚੇ ਸੰਸਾਰ ਵਿਚ ਵੀ ਹਰਾ ਇਨਕਲਾਬ ਲਿਆਉਣ ਵਿਚ ਸਹਾਈ ਹੋਵੇਗੀ।




