ਮੁਹਾਲੀ, 4 ਸਤੰਬਰ :ਪੰਜਾਬ ਵਿੱਚ ਇਸ ਵੇਲੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਸਰਕਾਰ ਤੇ ਕਾਬਿਜ ਲੋਕਾਂ ਦਾ ਪੂਰਾ ਜ਼ੋਰ ਭ੍ਰਿਸ਼ਟਾਚਾਰ ਵਧਾਉਣ ਵਿੱਚ ਲਗਿਆ ਹੋਇਆ ਹੈ। ਸੂਬੇ ਵਿੱਚ ਬੇਰੁਜਗਾਰੀ ਬੇਤਹਾਸ਼ਾ ਵੱਧ ਰਹੀ ਹੈ ਅਤੇ ਸੂਬੇ ਦੀ ਆਰਥਿਕ ਵਾਧਾ ਦਰ ਘਟ ਕੇ 4.7 ਫੀਸਦੀ ਤੇ ਪਹੁੰਚ ਗਈ ਹੈ ਜਦੋਂ ਕਿ ਦੇਸ਼ ਦੀ ਵਾਧਾ ਦਰ 8.8 ਫੀਸਦੀ ਹੈ ਅਤੇ ਸਾਡੇ ਗਵਾਂਡੀ ਰਾਜ ਹਰਿਆਣਾ ਵਿੱਚ 17 ਫੀਸਦੀ ਅਤੇ ਗੁਜਰਾਤ ਵਿੱਚ ਇਹ ਦਰ 28 ਫੀਸਦੀ ਨੂੰ ਪਾਰ ਕਰ ਚੁਕੀ ਹੈ। ਇਹ ਗੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਹ ਸਥਾਨਕ ਫੇਜ਼-8 ਵਿੱਚ ਸਥਿਤ ਦੁਸਹਿਰਾ ਮੈਦਾਨ ਵਿੱਚ ਕਰਵਾਈ ਜਾਣ ਵਾਲੀ ਕਾਂਗਰਸ ਦੀ ਨਾਰਥ ਜੋਨ ਕਾਨਫਰੰਸ ਦੀ ਥਾਂ ਦਾ ਜਾਇਜਾ ਲੈਣ ਆਈ.ਆਲ ਇੰਡੀਆ ਕਾਂਗਰਸ ਕਮੇਟੀ ਦੀ ਟੀਮ ਦੇ ਨਾਲ ਇੱਥੇ ਆਏ ਸਨ।
ਇਹ ਪੁੱਛੇ ਜਾਣ ਤੇ ਕਿ ਕੀ ਪਹਿਲਾਂ ਉਹਨਾਂ ਵੱਲੋਂ ਕਾਂਗਰਸ ਪਾਰਟੀ ਦੇ ਉਪਰੋਕਤ ਸੈਸ਼ਨ ਨੂੰ ਮੁਹਾਲੀ ਵਿੱਚ ਕਰਵਾਉਣ ਦੀ ਥਾਂ ਕਿਸੇ ਹੋਰ ਥਾਂ ਦੀ ਤਜਵੀਜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਹ ਸੈਸ਼ਨ ਚੰਡੀਗੜ੍ਹ ਵਿੱਚ ਕਰਵਾਉਣ ਦੀ ਤਜਵੀਜ ਦਿੱਤੀ ਗਈ ਸੀ ਕਿਉਂਕਿ ਇਹ 7 ਰਾਜਾਂ ਦਾ ਸੈਸ਼ਨ ਹੈ ਅਤੇ ਇਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਸਮੇਤ ਸਾਰੇ ਉਤਰੀ ਰਾਜਾਂ ਦੇ ਡੈਲੀਗੇਟਾਂ ਨੇ ਭਾਗ ਲੈਣਾ ਸੀ ਇਸ ਲਈ ਉਹਨਾਂ ਨੇ ਪੰਜਾਬ ਦੀ ਰਾਜਧਾਨੀ ਦਾ ਨਾਂ ਤਜਵੀਜ ਕੀਤਾ ਸੀ ਪ੍ਰੰਤੂ ਹੁਣ ਹਾਈਕਮਾਨ ਵੱਲੋਂ ਇਹ ਫੈਸਲਾ ਹੋ ਗਿਆ ਹੈ ਕਿ ਇਹ ਸੈਸ਼ਨ ਮੁਹਾਲੀ ਵਿੱਚ ਹੋਵੇਗਾ ਅਤੇ ਉਹਨਾਂ ਨੂੰ ਇਸ ਵਿੱਚ ਕੋਈ ਇਤਰਾਜ
ਨਹੀਂ ਹੈ। ਇਹ ਪੁੱਛੇ ਜਾਣ ਤੇ ਕਿ ਇਹ ਕਿਹਾ ਜਾ ਰਿਹਾ ਹੈ ਕਿ ਉਹ ਸੈਸ਼ਨ ਤੋਂ ਐਨ ਪਹਿਲਾਂ ਇੰਗਲੈਂਡ ਰਵਾਨਾ ਹੋ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਉੱਥੇ ਆਯੋਜਿਤ ਹੋਣ ਵਾਲੇ ਪੰਜਾਬ ਹੈਰੀਟੇਜ ਵੀਕ ਵਿੱਚ ਸ਼ਾਮਲ ਹੋਣ ਦਾ ਸੱਦਾ ਜ਼ਰੂਰ ਮਿਲਿਆ ਹੈ ਪ੍ਰੰਤੂ ਉਹ ਨਹੀਂ ਜਾ ਰਹੇ ਕਿਉਂਕਿ ਇਸ ਦੌਰਾਨ ਕਾਂਗਰਸ ਪਾਰਟੀ ਦੀ ਜੋਨਲ ਕਾਨਫਰੰਸ ਹੈ ਅਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਹੈ ਜਿਸ ਵਿੱਚ ਉਹਨਾਂ ਨੇ ਭਾਗ ਲੈਣਾ ਹੈ।
ਪੰਜਾਬ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਲਗਾਤਾਰ ਨਵੇਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾਣ ਦੀ ਕਾਰਵਾਈ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਂਗ ਹੈ। ਉਹਨਾਂ ਕਿਹਾ ਕਿ ਸੂਬੇ ਦੀ ਕੁਲ ਮਾਲੀਆ ਆਮਦਨ 15 ਹਜ਼ਾਰ ਕਰੋੜ ਰੁਪਏ ਹੈ ਜਿਸ ਵਿੱਚੋਂ 12 ਹਜ਼ਾਰ 500 ਕਰੋੜ ਰੁਪਏ ਮੁੜ ਅਦਾਇਗੀ ਤੇ ਹੀ ਖਰਚ ਹੋ ਜਾਂਦੇ ਹਨ ਅਤੇ ਬਾਕੀ ਬਚਦੇ 2500 ਕਰੋੜ ਨਾਲ ਤਾਂ ਸਰਕਾਰ ਦੇ ਖਰਚੇ ਅਤੇ ਅਧਿਕਾਰੀਆਂ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਪੂਰੀਆਂ ਨਹੀਂ ਹੁੰਦੀਆਂ, ਵਿਕਾਸ ਲਈ ਰਕਮ ਕਿਥੋਂ ਆਉਣੀ ਹੈ ਅਤੇ ਇਹ ਸਾਰਾ ਕੁਝ ਫਰਾਡ ਹੈ।




