ਚੰਡੀਗੜ੍ਹ, 4 ਸਤੰਬਰ ਚੰਡੀਗੜ੍ਹ ਦੇ ਸੈਕਟਰ-17 ਵਿੱਚ ਬੂਥ ਖਾਲੀ ਕਰਵਾਉਣ ਦੇ ਨਾਂ ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਫਸੇ ਸਬ ਇੰਸਪੈਕਟਰ ਸੰਜੀਵ ਕੁਮਾਰ, ਰਮੇਸ਼ ਕੁਮਾਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਸੁਭਾਸ਼ ਕਟਾਰੀਆ ਖਿਲਾਫ ਸੀ.ਬੀ.ਆਈ. ਅਦਾਲਤ 1 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕਰੇਗੀ।ਏ. ਐਸ.ਆਈ. ਸੰਜੀਵ ਕੁਮਾਰ ਦੇ ਵਕੀਲ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਕਿ ਮਾਮਲੇ ਵਿੱਚ ਦੋਸ਼ ਤੈਅ ਕਰਨ ਲਈ ਸਮਾਂ ਦਿੱਤਾ ਜਾਵੇ ਜਿਸ ਤੇ ਅਦਾਲਤ ਨੇ 1 ਅਕਤੂਬਰ ਦੀ ਤਰੀਕ ਤੈਅ ਕੀਤੀ। ਜਿਕਰਯੋਗ ਹੈ ਕਿ 2008 ਦੇ ਇਸ ਕੇਸ ਵਿੱਚ ਸੈਕਟਰ- 17 ਦੇ ਬੁੱਕ ਸਟੋਰ ਦੇ ਮਾਲਿਕ ਅਰਵਿੰਦਰ ਪਾਂਡੇ ਨੇ ਸੀ. ਬੀ.ਆਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਨੀਲਮ ਚੌਂਕੀ ਦੇ ਇੰਚਾਰਜ ਸੰਜੀਵ ਕੁਮਾਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਸੁਭਾਸ਼ ਕਟਾਰੀਆ ਬੂਥ ਖਾਲੀ ਕਰਵਾਉਣ ਦੇ ਨਾਂ ਤੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਹਨ।ਸੀ.ਬੀ.ਆਈ ਨੇ ਟ੍ਰੈਪ ਲਗਾ ਕੇ ਸੁਭਾਸ਼ ਕਟਾਰੀਆ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ ਸੀ ਜਦੋਂਕਿ ਏ.ਐਸ.ਆਈ. ਸੰਜੀਵ ਕੁਮਾਰ ਨੂੰ ਨੀਲਮ ਚੌਂਕੀ ਦੇ ਅੰਦਰੋਂ ਗ੍ਰਿਫਤਾਰ
ਕੀਤਾ ਗਿਆ ਸੀ। ਬਾਅਦ ਵਿੱਚ ਸੀ. ਬੀ.ਆਈ. ਨੇ ਮਾਮਲੇ ਵਿੱਚ ਏ. ਐਸ.ਆਈ. ਰਮੇਸ਼ ਕੁਮਾਰ ਨੂੰ ਵੀ ਸਹਿ ਦੋਸ਼ੀ ਠਹਿਰਾਇਆ ਸੀ। ਦੂਜੇ ਪਾਸੇ ਪੁਲੀਸ ਨੇ ਮਾਮਲੇ ਵਿੱਚ ਕੀਤੀ ਗਈ ਜਾਂਚ ਵਿੱਚ ਏ.ਐਸ.ਆਈ ਸੰਜੀਵ ਕੁਮਾਰ ਨੂੰ ਕਲੀਨ ਚਿੱਟ ਦੇ ਕੇ ਬਹਾਲ ਕਰ ਦਿੱਤਾ ਸੀ।




