ਚੰਡੀਗੜ੍ਹ, 31 ਅਗਸਤ : ਸਿੱਖ ਇਕ ਅਜਿਹੀ ਕੌਮ ਹਨ ਜਿਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਪਰ ਇਸ ਧਰਮ ਦੀ ਨੌਜਵਾਨ ਪੀੜ੍ਹੀ ਨੂੰ ਹੁਣ ਸਮੇਂ ਦੀ ਅਜਿਹੀ ਮਾਰ ਵਗੀ ਹੈ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੀ ਕੌਮ ਦੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਹੀ ਬੇਮੁਖ ਹੋ ਗਈ ਹੈ। ਹਾਲ ਤਾਂ ਹੁਣ ਇਹ ਹੈ ਕਿ ਵੱਡੀ ਗਿਣਤੀ ਨੌਜਵਾਨਾਂ ਦੇ ਨਾਂ ਨਾਲ ਸਿੰਘ ਲੱਗਿਆ ਹੁੰਦਾ ਹੈ ਪਰ ਸਿਰੋਂ ਉਹ ਘੋਨੇ ਮੋਨੇ ਹੁੰਦੇ ਹਨ।
ਇਕ ਸਮਾਂ ਅਜਿਹਾ ਵੀ ਸੀ ਜਦੋਂ ਪੰਜਾਬ ਵਿਚ ਖਾੜਕੂਵਾਦ ਦਾ ਦੌਰ ਸੀ ਉਦੋਂ ਲਹਿਰ ਤੋਂ ਪ੍ਰਭਾਵਿਤ ਹੋ ਕੇ ਜਾਂ ਡਰ ਕਾਰਨ ਹਰ ਪਾਸੇ ਪੱਗਾਂ ਵਾਲੇ ਮੁੰਡੇ ਹੀ ਨਜ਼ਰ ਆਉਂਦੇ ਸਨ। ਇੱਥੋਂ ਤੱਕ ਕਿ ਕਾਲਜਾਂ ਵਿਚ ਪੜ੍ਹਦੇ ਪੰਡਤਾਂ ਅਤੇ ਬਾਣੀਆਂ ਦੇ ਮੁੰਡੇ ਵੀ ਕਈ ਵਾਰ ਪੱਗਾਂ ਬੰਨ੍ਹੀ ਨਜ਼ਰ ਆਉਣ ਲੱਗ ਪਏ ਸਨ। ਪਰ ਹੁਣ ਹਾਲ ਇਹ ਹੋ ਗਿਆ ਹੈ ਕਿ ਸਿੱਖਾਂ ਦੇ ਆਪਣੇ ਮੁੰਡੇ ਹੀ ਪੱਗਾਂ ਬੰਨ੍ਹਣ ਤੋਂ ਇਨਕਾਰੀ ਹੋ ਗਏ ਹਨ। ਜੇ ਚੰਡੀਗੜ੍ਹ ਵਿਚ ਸਿੱਖਾਂ ਦੇ ਮੁੰਡੇ ਪੱਗਾਂ ਬੰਨ੍ਹਦੇ ਹਨ ਤਾਂ ਉਸ ਦਾ ਕਾਰਨ ਇਹ ਹੈ ਕਿ ਉਥੇ ਛੇ ਮੀਟਰ ਤੋਂ ਘੱਟ ਪੱਗ ਬੰਨ੍ਹਣ ਵਾਲੇ ਦਾ ਚਲਾਨ ਹੋ ਜਾਂਦਾ ਹੈ। ਪਰ ਹੁਣ ਹਾਲ ਇਹ ਹੋ ਗਿਆ ਹੈ ਕਿ ਸਿੱਖ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਹੀ ਜਾਂਦੀ ਪੰਜਾਬ ਦੀ ਧਰਤੀ ਉਪਰ ਹੁਣ ਟਾਵੇਂ ਟਾਵੇਂ ਹੀ ਪੱਗਾਂ ਵਾਲੇ ਸਿੱਖ ਨੌਜਵਾਨ ਨਜ਼ਰ ਆਉਂਦੇ ਹਨ।
ਨਿੱਕੀਆਂ ਕਵਿਤਾਵਾਂ ਦੇ ਵੱਡੇ ਕਵੀ ਭਾਈ ਵੀਰ ਸਿੰਘ ਨੇ ਆਪਣੇ ਸਮਾਂ ਨਾਂ ਦੀ ਕਵਿਤਾ ਵਿਚ ਸਪੱਸ਼ਟ ਕਿਹਾ ਹੈ ਕਿ ਸਮਾਂ ਕਦੇ ਇਕੋ ਜਿਹਾ ਨਹੀਂ ਰਹਿੰਦਾ ਹੈ ਆਪਣੀ ਚਾਲ ਚਲਦਾ ਹੋਇਆ ਬਦਲਦਾ ਰਹਿੰਦਾ ਹੈ। ਇਹ ਸਮੇਂ ਦਾ ਹੀ ਫੇਰ ਹੈ ਕਿ ਇਕ ਸਮੇਂ ਹਰ ਪਾਸੇ ਪੱਗਾਂ ਵਾਲਿਆਂ ਦਾ ਹੜ੍ਹ ਆਇਆ ਸੀ ਤਾਂ ਹੁਣ ਹਰ ਪਾਸੇ ਘੋਨੇ ਮੋਨੇ ਨਜ਼ਰ ਆਉਂਦੇ ਹਨ। ਹਾਲਤ ਤਾਂ ਉਦੋਂ ਤਰਸਯੋਗ ਹੋ ਜਾਂਦੀ ਹੈ ਜਦੋਂ ਪੰਥਕ ਕਹਾਉਂਦੀ ਪਾਰਟੀ ਅਕਾਲੀ ਦਲ ਦੇ ਨੌਜਵਾਨਾਂ ਦੀ ਜਦੋਂ ਮੀਟਿੰਗ ਹੁੰਦੀ ਹੈ ਤਾਂ ਉਸ ਮੀਟਿੰਗ ਵਿਚ ਸ਼ਾਮਲ ਵੱਡੀ ਗਿਣਤੀ ਨੌਜਵਾਨ ਸਿਰੋਂ ਨੰਗੇ ਹੁੰਦੇ ਹਨ ਅਤੇ ਇਸ ਪੰਥਕ ਪਾਰਟੀ ਦੀ ਮੀਟਿੰਗ ਵਿਚ ਵੀ ਪੱਗਾਂ ਵਾਲੇ ਨੌਜਵਾਨ ਕੁਝ ਕੁ ਹੀ ਹੁੰਦੇ ਹਨ। ਕਈ ਵਾਰ ਤਾਂ ਭੁਲੇਖਾ ਜਿਹਾ ਹੀ ਪੈ ਜਾਂਦਾ ਹੈ ਕਿ ਇਹ ਪੰਥਕ ਪਾਰਟੀ ਦੀ ਮੀਟਿੰਗ ਹੋ ਰਹੀ ਹੈ ਜਾਂ ਯੂ ਪੀ ਬਿਹਾਰ ਦੀ ਕਿਸੇ ਖੇਤਰੀ ਪਾਰਟੀ ਦੀ। ਸਿਆਣੇ ਕਹਿੰਦੇ ਹਨ ਕਿ ਮਨੁੱਖ ਉਪਰ ਉਸ ਦੇ ਆਲੇ ਦੁਆਲੇ ਦੇ ਵਾਤਾਵਰਨ ਅਤੇ ਸੁਸਾਇਟੀ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਇਹੀ ਕਾਰਨ ਹੈ ਕਿ ਵਿਦੇਸ਼ਾਂ ਵਿਚ ਗਏ ਵੱਡੀ ਗਿਣਤੀ ਪੰਜਾਬੀ ਨੌਜਵਾਨ ਵੀ ਸਿੱਖੀ ਤੋਂ ਦੂਰ ਹਨ। ਅਕਸਰ ਹੀ ਇਹ ਵੇਖਣ ਵਿਚ ਆਉਂਦਾ ਹੈ ਕਿ
ਜਦੋਂ ਕੋਈ ਨੌਜਵਾਨ ਵਿਦੇਸ਼ੀ ਧਰਤੀ 'ਤੇ ਜਾਂਦਾ ਹੈ ਤਾਂ ਉਹ ਵੱਖ ਵੱਖ ਪੱਗਾਂ ਬੰਨ੍ਹ ਕੇ ਵੱਖ ਵੱਖ ਪੋਜ਼ਾਂ ਵਿਚ ਦਸ ਬਾਰਾਂ ਫੋਟੋਆਂ ਖਿਚਵਾ ਲੈਂਦਾ ਹੈ ਉਸ ਤੋਂ ਬਾਅਦ ਉਥੇ ਉਹ ਕਲੀਨ ਸੇਵ ਹੋ ਕੇ ਵਿਚਰਦਾ ਹੈ ਪਰ ਸਾਲ ਛੇ ਮਹੀਨੇ ਬਾਅਦ ਪੰਜਾਬ ਰਹਿੰਦੇ ਆਪਣੇ ਪਰਿਵਾਰ ਨੂੰ ਜਿਹੜੀਆਂ ਫੋਟੋਆਂ ਭੇਜਦਾ ਹੈ ਉਹੀ ਹੁੰਦੀਆਂ ਹਨ ਜਿਹੜੀਆਂ ਕਿ ਉਸ ਨੇ ਕੇਸਾਧਾਰੀ ਹੁੰਦੇ ਹੋਏ ਖਿਚਾਈਆਂ ਹੁੰਦੀਆਂ ਹਨ। ਪੰਜਾਬ ਵਿਚਲਾ ਪਰਿਵਾਰ ਸਮਝਦਾ ਹੈ ਕਿ ਉਨ੍ਹਾਂ ਦੇ ਮੁੰਡੇ ਨੇ ਵਿਦੇਸ਼ੀ ਧਰਤੀ ਉਪਰ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਰੱਖੀ ਹੋਈ ਹੈ। ਹੁਣ ਬਜ਼ੁਰਗ ਮਾਪਿਆਂ ਨੂੰ ਕੀ ਪਤਾ ਉਨ੍ਹਾਂ ਦਾ ਲਾਡਲਾ ਪੁੱਤ ਵਿਦੇਸ਼ੀ ਧਰਤੀ 'ਤੇ ਕਲੀਨਸੇਵ ਹੋ ਕੇ ਡਾਲਰ ਕਮਾਉਣ ਦੀ ਲਾਲਸਾ ਵਿਚ ਆਪਣੇ ਧਰਮ ਤੋਂ ਹੀ ਬੇਮੁੱਖ ਹੋ ਗਿਆ ਹੈ।
ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿਦੇਸ਼ੀ ਵੱਸਦੇ ਸਿੱਖ ਅਜਿਹੇ ਵੀ ਹਨ ਜਿਹੜੇ ਕਿ ਸਿੱਖ ਧਰਮ ਨਾਲ ਜੁੜੇ ਹੋਏ ਹਨ ਅਤੇ ਸਿੱਖ ਧਰਮ ਨਾਲ ਸਬੰਧਤ ਦਿਹਾੜੇ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਹੀ ਮਨਾਉਂਦੇ ਹਨ ਪਰ ਇਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ। ਦੂਜੇ ਪਾਸੇ ਸਾਡਾ ਆਪਣਾ ਪੰਜਾਬ ਹੈ ਜਿੱਥੇ ਕਿ ਸਿੱਖ ਨੌਜਵਾਨ ਹੁਣ ਸਿਰ 'ਤੇ ਦਸਤਾਰ ਸਜਾਉਣ ਦੀ ਥਾਂ ਟੋਪੀਆਂ ਲੈਣ ਨੂੰ ਤਰਜੀਹ ਦਿੰਦੇ ਹਨ। ਜਦੋਂ ਕਿ ਰਹਿਤਨਾਮੇ ਵਿਚ ਸਪੱਸ਼ਟ ਲਿਖਿਆ ਹੈ ਕਿ ਜਿਹੜਾ ਸਿੱਖ ਸਿੱਖ ਹੋ ਕੇ ਟੋਪੀ ਧਰਦਾ ਹੈ ਉਹ ਸਤ ਜਨਮ ਕਸ਼ਟ ਭੋਗਦਾ ਹੈ। ਹੁਣ ਹਾਲ ਤਾਂ ਇਹ ਹੋ ਗਿਆ ਹੈ ਕਿ ਕਈ ਸਿੱਖ ਨੌਜਵਾਨ ਸਿਰ 'ਤੇ ਪਟਕਾ ਬੰਨ੍ਹ ਲੈਂਦੇ ਹਨ ਅਤੇ ਉਸ ਉਪਰ ਟੋਪੀ ਪਾ ਲੈਂਦੇ ਹਨ। ਪੰਜਾਬ ਵਿਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਮਦਮੀ ਟਕਸਾਲ ਵੱਖ ਵੱਖ ਧਾਰਮਿਕ ਸੰਪਰਦਾਵਾਂ ਵਿਚਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵਾਂਗ ਕਈਆਂ ਦਾ ਸਲਾਨਾ ਬਜਟ ਕਰੋੜਾ ਰੁਪਏ ਹੈ। ਜਿਸ ਵੱਲੋਂ ਧਰਮ ਪ੍ਰਚਾਰ ਦੇ ਨਾਂ 'ਤੇ ਕਾਫੀ ਖਰਚ ਕੀਤਾ ਜਾਂਦਾ ਹੈ ਪਰ ਧਰਮ ਪ੍ਰਚਾਰ ਹੋ ਕਿਹੜਾ ਰਿਹਾ ਹੈ ਇਹ ਕੁਝ ਪਤਾ ਨਹੀਂ ਚਲਦਾ ਕਿਉਂਕਿ ਸਿੱਖਾਂ ਦੀ ਥਾਂ ਪੰਜਾਬ ਵਿਚ ਗੈਰ ਸਿੱਖਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂ ੰਦਸਤਾਰ ਇਸ ਲਈ ਬਖਸ਼ਿਸ਼ ਕੀਤੀ ਸੀ ਕਿ ਗੁਰੂ ਦੇ ਸਿੱਖ ਦੀ ਦੂਰ ਤੋਂ ਹੀ ਪਹਿਚਾਣ ਆ ਜਾਵੇ ਇਹ ਗੱਲ ਹੈ ਵੀ ਸਹੀ ਕਿ ਜਦੋਂ ਹਜ਼ਾਰਾਂ ਵਿਚ ਵੀ ਇਕ ਦਸਤਾਰ ਵਾਲਾ ਸਿੱਖ ਖੜ੍ਹਾ ਹੋਵੇ ਤਾਂ ਵੀ ਉਹ ਦੂਰੋਂ ਵੱਖਰਾ ਹੀ ਦਿਖਾਈ ਦਿੰਦਾ ਹੈ। ਸਿੱਖਾਂ ਦੀ ਵੱਖਰੀ ਪਹਿਚਾਣ ਬਣਾਉਣ ਲਈ ਹੀ ਗੁਰੂ ਸਾਹਿਬਾਨ ਨੇ ਪੰਜ ਕੱਕੇ ਸਿੱਖਾਂ ਨੇ ਨਿਸ਼ਚਿਤ ਕੀਤੇ ਸਨ। ਪਰ ਅੱਜਕਲ ਦੇ ਸਿੱਖ ਨੌਜਵਾਨ ਇਨ੍ਹਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਇੱਥੋਂ ਤੱਕ ਕਿ ਵੱਡੀ ਗਿਣਤੀ ਸਿੱਖ ਨੌਜਵਾਨਾਂ ਨੂੰ ਆਪਣੇ ਗੁਰੂ ਸਾਹਿਬਾਨ ਦੇ ਨਾਂ ਵੀ ਪੂਰੇ ਯਾਦ ਨਹੀਂ ਹੁੰਦੇ। ਇਸ ਤਰ੍ਹਾਂ ਸਿੱਖ ਨੌਜਵਾਨਾਂ ਵਿਚ ਵੀ ਨਸ਼ੇ ਦੀ ਵਰਤੋਂ ਵਧ ਰਹੀ ਹੈ। ਨਸ਼ਾਂ ਤਾਂ ਅਤਿਵਾਦ ਨਾਲੋਂ ਵੀ ਖਤਰਨਾਕ ਹੁੰਦਾ ਹੈ। ਜੇ ਕਿਸੇ ਕੌਮ ਨੂੰ ਤਬਾਹ ਕਰਨਾ ਹੋਵੇ ਤਾਂ ਉਸ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲਤ ਵਿਰੋਧੀ ਦੇਸ਼ ਜਾਂ ਵਿਰੋਧੀ ਕੌਮਾਂ ਲਾ ਦਿੰਦੀਆਂ ਹਨ। ਅੱਜ ਪੰਜਾਬ ਵਿਚੋਂ ਕੋਈ ਵੀ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਹੈਰੋਇਨ ਜਾਂ ਕੋਕੀਨ ਨਾ ਫੜੀ ਜਾਂਦੀ ਹੋਵੇ। ਇਨ੍ਹਾਂ ਨਸ਼ੀਲੇ ਪਦਾਰਥਾਂ ਨਾਲ ਜਿਹੜੇ ਨੌਜਵਾਨ ਫੜ੍ਹੇ ਜਾਂਦੇ ਹਨ। ਉਨ੍ਹਾਂ ਦੇ ਨਾਂਵਾਂ ਨਾਲ ਸਿੰਘ ਵੀ ਲੱਗਿਆ ਹੁੰਦਾ ਹੈ ਅਤੇ ਕਈਆਂ ਨੇ ਤਾਂ ਦਸਤਾਰ ਵੀ ਬੰਨ੍ਹੀ ਹੁੰਦੀ ਹੈ।
ਦੂਜੇ ਪਾਸੇ ਪਵਿੱਤਰ ਕਹੀ ਜਾਂਦੀ ਇਸ ਧਰਤੀ ਉਪਰ ਥਾਂ ਥਾਂ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਹਨ। ਪਹਿਲਾਂ ਸ਼ਰਾਬ ਲੈਣ ਦੂਜੇ ਪਿੰਡ ਜਾਣਾ ਪੈਂਦਾ ਸੀ ਹੁਣ ਤਾਂ ਹਰ ਗਲੀ ਮੋੜ 'ਤੇ ਹੀ ਮਿੱਤਰਾਂ ਦਾ ਠੇਕਾ ਖੁੱਲ੍ਹ ਗਿਆ ਹੈ। ਮਾਲਵੇ ਦੇ ਇਲਾਕੇ ਵਿਚ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਵੀ ਤੰਬਾਕੂ ਦੇ ਖੇਤ ਵਿਚੋਂ ਨਹੀਂ ਸੀ ਲੰਘਿਆ ਪਰ ਅੱਜ ਦੇ ਸਿੱਖ ਨੌਜਵਾਨਾਂ ਦੇ ਢਿੱਡ ਅੰਦਰ ਪਤਾ ਨਹੀਂ ਤੰਬਾਕੂ ਦੇ ਕਿੰਨੇ ਖੇਤ ਅੰਦਰ ਲੰਘ ਗਏ ਹਨ। ਹਾਲ ਤਾਂ ਇਹ ਹੈ ਕਿ ਕਾਲਜਾਂ ਦੇ ਨਾਲ ਨਾਲ ਕਈ ਸਕੂਲਾਂ ਦੇ ਸਿੱਖ ਵਿਦਿਆਰਥੀ ਵੀ ਨਸ਼ੇ ਦੇ ਦੈਂਤ ਦੇ ਸ਼ਿਕੰਜੇ ਵਿਚ ਆ ਗਏ ਹਨ। ਥਾਂ ਥਾਂ ਖੁੱਲ੍ਹੀਆਂ ਪਾਨ, ਗੁਟਕੇ, ਬੀੜੀ ਸਿਗਰਟ ਦੀਆਂ ਦੁਕਾਨਾਂ ਅਤੇ ਇਨ੍ਹਾਂ ਵਿਦਿਆਰਥੀਆਂ ਦੇ ਦੋਸਤਾਂ ਵੱਲੋਂ ਖੁਦ ਨਸ਼ੇ ਕਰਕੇ ਇਨ੍ਹਾਂ ਨੂੰ ਨਸ਼ਿਆਂ ਲਈ ਉਤਸ਼ਾਹਿਤ ਕਰਨ ਨਾਲ ਕਈ ਸਿੱਖ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ।
ਜਦੋਂ ਪੰਜਾਬ ਵਿਚ ਲੋਕ ਸਭਾ ਵਿਧਾਨ ਸਭਾ ਜਾਂ ਸਰਪੰਚੀ ਅਤੇ ਪੰਚੀ ਦੀ ਚੋਣ ਆਉਂਦੀ ਹੈ ਤਾਂ ਕਈ ਥਾਵਾਂ 'ਤੇ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਖੁੱਲ੍ਹੇ ਲੰਗਰ ਲਾਉਣ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਇੱਥੋਂ ਤਕ ਹਫਤੇ ਵਿਚ ਦੋ ਦਿਨ ਦਿਹਾੜੀ ਲਾਉਣ ਵਾਲੇ ਕਈ ਵਿਅਕਤੀ ਵੀ ਚੋਣਾਂ ਵੇਲੇ ਸਾਰਾ ਦਿਨ ਨਸ਼ੇ ਜਾਂ ਸ਼ਰਾਬ ਨਾਲ ਰੱਜੇ ਰਹਿੰਦੇ ਹਨ। ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਕਈ ਵਾਰ ਰਾਤ ਸਮੇਂ ਸ਼ਰਾਬ ਦੀਆਂ ਪੇਟੀਆਂ ਹੀ ਵੰਡ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਚੋਣ ਜਿੱਤ ਕੇ ਸਮਾਜ ਨੂੰ ਸਿੱਧੇ ਰਾਹ ਪਾਉਣ ਦੇ ਜ਼ਿੰਮੇਵਾਰ ਵਿਅਕਤੀ ਹੀ ਸਮਾਜ ਨੂੰ ਕੁਰਾਹੇ ਪਾਉਣ ਦੇ ਗੁਨਾਹਗਾਰ ਬਣ ਜਾਂਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਖ ਇਕ ਅਜਿਹੀ ਕੌਮ ਹੈ ਜਿਸ ਦੇ ਇਤਿਹਾਸ ਉਪਰ ਨਜ਼ਰ ਮਾਰਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਛੋਟੀ ਉਮਰ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਨਾ ਤਾਂ ਆਪਣਾ ਧਰਮ ਛੱਡਿਆ ਸੀ ਅਤੇ ਨਾ ਹੀ ਈਨ ਮੰਨੀ ਸੀ। ਇੱਥੋਂ ਤੱਕ ਕਿ ਉਹ ਸੂਬੇ ਦੀ ਕਚਹਿਰੀ ਵਿਚ ਜਾਨ ਲਈ ਰੱਖੇ ਗਏ ਛੋਟੇ ਦਰਵਾਜੇ ਵਿਚ ਦੀ ਵੀ ਪਹਿਲਾਂ ਪੈਰ ਅੱਗੇ ਕਰਕੇ ਲੰਘੇ ਸਨ। ਉਨ੍ਹਾਂ ਨੇ ਆਪਣੇ ਧਰਮ ਦੀ ਰੱਖਿਆ ਲਈ ਸ਼ਹੀਦੀਆਂ ਦੇ ਦਿੱਤੀਆਂ ਸਨ ਪਰ ਉਸੇ ਕੌਮ ਦੇ ਵਾਰਸ ਅੱਜ ਦੇ ਸਿੱਖ ਨੌਜਵਾਨ ਸਿੱਖੀ ਤੋਂ ਬੇਮੁਖ ਹੋ ਗਏ ਹਨ।
ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਪਾਸੇ ਸ਼੍ਰੋਮਣੀ ਕਮੇਟੀ ਸਮੇਤ ਦਮਦਮੀ ਟਕਸਾਲ ਅਤੇ ਹੋਰ ਧਾਰਮਿਕ ਸੰਸਥਾਵਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਅਕਸਰ ਹੀ ਪੰਜਾਬ ਵਿਚ ਰਹਿੰਦੇ ਵੱਖ ਵੱਖ ਬਾਬਿਆਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਫਲਾਣੇ ਫਲਾਣੇ ਪਿੰਡ ਵਿਚ ਦੀਵਾਨ ਲਾ ਕੇ ਆਖਰੀ ਦਿਨ ਅੰਮ੍ਰਿਤ ਸੰਚਾਰ ਕਰਵਾਇਆ ਅਤੇ 700 ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਪਰ ਜਦੋਂ ਉਸ ਪਿੰਡ ਵਿਚ ਜਾ ਕੇ ਵੇਖਿਆ ਜਾਂਦਾ ਹੈ ਤਾਂ ਸਿਰਫ ਗਿਣਤੀ ਦੇ ਸਿੱਖ ਹੀ ਅੰਮ੍ਰਿਤਧਾਰੀ ਹੁੰਦੇ ਹਨ। ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਚੌਧਰ ਦੀ ਥਾਂ ਧਰਮ ਪ੍ਰਚਾਰ ਵੱਲ ਧਿਆਨ ਦੇਣ ਅਤੇ ਸਿੱਖੀ ਤੋਂ ਬੇਮੁੱਖ ਹੋਣ ਵਾਲੇ ਨੌਜਵਾਨਾਂ ਨੂੰ ਸਿੱਖੀ ਵੱਲ ਆਉਣ ਲਈ ਪ੍ਰੇਰਿਤ ਕਰਨ।




