You are here:: News ਪੰਜਾਬ ਆਪਣੇ ਮੁਲਕ 'ਚ ਹੀ ਬੇਗਾਨਗੀ ਦਾ ਅਹਿਸਾਸ ਕਰ ਰਹੇ ਨੇ ਸਿੱਖ
 
 

ਆਪਣੇ ਮੁਲਕ 'ਚ ਹੀ ਬੇਗਾਨਗੀ ਦਾ ਅਹਿਸਾਸ ਕਰ ਰਹੇ ਨੇ ਸਿੱਖ

E-mail Print PDF

ਚੰਡੀਗੜ੍ਹ, 30 ਜੁਲਾਈ   : ਸਿੱਖ ਧਰਮ ਜਦੋਂ ਦਾ ਹੋਂਦ ਵਿਚ ਆਇਆ ਹੈ ਉਦੋਂ ਤੋਂ ਹੀ ਇਸ ਦੇ ਅਨੁਆਈਆਂ ਨੂੰ ਨਿੱਤ ਨਵੀਆਂ ਮੁਹਿਮਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲ ਤਾਂ ਇਹ ਹੈ ਕਿ ਖਾਲਸਾ ਪੰਥ ਦੀ ਸਿਰਜਣਾ ਕਰਨ ਵਾਲੇ ਸਾਹਿਬ  -ਏ -ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਦਾ ਸਾਰਾ ਜੀਵਨ ਹੀ ਜੰਗਾਂ ਵਿਚ ਬੀਤਿਆ। ਉਨ੍ਹਾਂ ਨੇ ਨਾ ਤਾਂ ਜਰ ਲਈ ਜੰਗ ਲੜੀ ਸੀ ਨਾ ਜੋਰੂ ਲਈ ਅਤੇ ਨਾ ਹੀ ਜ਼ਮੀਨ ਲਈ। ਸਗੋਂ ਉਨ੍ਹਾਂ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਸਾਰੀਆਂ ਜੁਲਮ ਦੇ ਖਿਲਾਫ ਸਨ। ਇਹੀ ਸਥਿਤੀ ਅੱਜਕੱਲ੍ਹ ਬਣੀ ਹੋਈ ਹੈ। ਇਕ ਪਾਸੇ ਤਾਂ ਅੱਜਕੱਲ੍ਹ ਸਿੱਖਾਂ ਦੀ ਕਾਲੀ ਸੂਚੀ ਦਾ ਮਾਮਲਾ ਸੁਰਖੀਆਂ ਵਿਚ ਛਾਇਆ ਹੋਇਆ ਹੈ ਉਥੇ ਦੂਜੇ ਪਾਸੇ ਪੰਜਾਬ ਵਿਚ ਅੱਜਕੱਲ੍ਹ ਮੁੜ ਅਤਿਵਾਦ ਦਾ ਭੂਤ ਬੋਤਲ ਵਿਚੋਂ ਬਾਹਰ ਆ ਗਿਆ ਹੈ। ਹਾਲ ਤਾਂ ਇਹ ਹੈ ਕਿ ਰੋਜ਼ਾਨਾ ਹੀ ਅਖਬਾਰਾਂ ਵਿਚ ਇਹ ਖਬਰਾਂ ਛਪਦੀਆਂ ਹਨ ਕਿ ਪੰਜਾਬ ਪੁਲਿਸ ਨੇ ਖੁਫੀਆ ਇਤਲਾਹ ਮਿਲਣ 'ਤੇ ਕਿਸੇ ਥਾਂ ਤੋਂ ਖਤਰਨਾਕ ਅਤਿਵਾਦੀ ਕਾਬੂ ਕੀਤੇ ਉਨ੍ਹਾਂ ਤੋਂ ਵੱਡੀ ਗਿਣਤੀ 'ਚ ਅਸਲਾ ਬਰਾਮਦ ਕੀਤਾ ਗਿਆ। ਪੁਲਿਸ ਦੇ ਸੀਨੀਅਰ ਅਧਿਕਾਰੀ ਪ੍ਰੈਸ ਕਾਨਫਰੰਸਾਂ ਰਾਹੀਂ ਇਹ ਬਿਆਨ ਦਿੰਦੇ ਹਨ ਕਿ ਇਹ ਖਾੜਕੂ ਪੰਜਾਬ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸਨ। ਦੂਜੇ ਪਾਸੇ ਫੜ੍ਹੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਮੁੰਡਿਆਂ ਨੂੰ ਤਾਂ ਕਈ ਦਿਨ ਪਹਿਲਾਂ ਹੀ ਪੁਲਿਸ ਨੇ ਘਰਾਂ ਤੋਂ ਚੁੱਕਿਆ ਸੀ ਅਤੇ ਉਹ ਉਦੋਂ ਤੋਂ ਹੀ ਆਪਣੇ ਮੁੰਡਿਆਂ ਦੀ ਵੱਖ ਵੱਖ ਥਾਣਿਆਂ ਵਿਚ ਭਾਲ ਕਰ ਰਹੇ ਸਨ। ਇਨ੍ਹਾਂ ਮੁੰਡਿਆਂ ਦੇ ਮਾਪੇ ਪੁਲਿਸ ਦੀ ਕਹਾਣੀ ਕੋਰਾ ਝੂਠ ਦੱਸਦੇ ਹਨ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਦੌਰਾਨ ਪੁਲਿਸ ਦੇ ਕਈ ਅਜਿਹੇ ਖਾੜਕੂ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਿਹੜੇ ਕਿ ਪੁਲਿਸ ਅਨੁਸਾਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਸਨ। ਪਰ ਪੁਲਿਸ ਨੇ ਉਨ੍ਹਾਂ ਨੂੰ ਬੜੀ ਮੁਸ਼ਤੈਦੀ

ਨਾਲ ਕਾਬੂ ਕਰ ਲਿਆ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ਵਿਚ ਸ਼ਾਂਤੀ ਹੋਣ ਦਾ ਦਾਅਵਾ ਕਰਦੀ ਹੈ ਦੂਜੇ ਪਾਸੇ ਨਿੱਤ ਦਿਨ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਅਤਿਵਾਦੀ ਫੜਨ ਦਾ ਦਾਅਵਾ ਕਰਦੀ ਹੈ। ਹਾਲ ਤਾਂ ਇਹ ਹੈ ਕਿ ਇਕ ਦਮ ਇੰਨੇ ਜ਼ਿਆਦਾ ਅਤਿਵਾਦੀ ਪੰਜਾਬ ਵਿਚ ਕਿੱਥੋਂ ਆ ਗਏ। ਅਸਲ ਵਿਚ ਅਤਿਵਾਦ ਪੰਜਾਬ ਪੁਲਿਸ ਦਾ ਮਨ ਭਾਉਂਦਾ ਵਿਸ਼ਾ ਰਿਹਾ ਹੈ। ਅਤਿਵਾਦ ਦੇ ਨਾਂ 'ਤੇ ਪੰਜਾਬ ਪੁਲਿਸ ਨੇ ਜੋ ਦਮਨ ਚੱਕਰ ਚਲਾਇਆ ਸੀ ਉਸ ਦਾ ਸਭ ਨੂੰ ਪਤਾ ਹੀ ਹੈ। ਪੰਜਾਬ ਪੁਲਿਸ ਦੇ ਇਸੇ ਦਮਨ ਚੱਕਰ ਕਾਰਨ ਲੰਬੇ ਸਮੇਂ ਤੋਂ ਸਿੱਖ ਆਪਣੇ ਦੇਸ਼ ਵਿਚ ਹੀ ਬੇਗਾਨਗੀ ਦਾ ਅਹਿਸਾ ਕਰ ਰਹੇ ਹਨ। ਜਿਵੇਂ ਕੈਨੇਡਾ ਦੇ ਕਨਿਸ਼ਕ ਹਵਾਈ ਹਾਦਸੇ ਦਾ ਸਿੱਖਾਂ ਨਾਲ ਸਬੰਧ ਜੋੜ ਦਿੱਤਾ ਗਿਆ ਸੀ। ਪਰ ਖੁਦ ਕੈਨੇਡਾ ਸਰਕਾਰ ਇਹ ਕਹਿ ਚੁੱਕੀ ਹੈ ਕਿ ਇਸ ਨਾਲ ਸਿੱਖਾਂ ਦਾ ਕੋਈ ਸਬੰਧ ਹੀ ਨਹੀਂ । ਇਸ ਤਰ੍ਹਾਂ ਹੁਣ ਦਿੱਲੀ ਵਿਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਸਬੰਧੀ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਖੇਡਾਂ ਉਪਰ ਸਿੱਖ ਅਤਿਵਾਦੀ ਹਮਲਾ ਕਰ ਸਕਦੇ ਹਨ।
 ਅਸਲ ਵਿਚ ਦੇਸ਼ ਅਜ਼ਾਦ ਹੋਣ ਤੋਂ ਬਾਅਦ ਹੌਲੀ ਹੌਲੀ ਸਿੱਖਾਂ ਵਿਚ ਬਿਗਾਨਗੀ ਦੀ ਭਾਵਨਾ ਵੱਧਦੀ ਜਾ ਰਹੀ ਹੈ। ਇਸ ਵਿਚ ਪੰਜਾਬ ਪੁਲਿਸ ਦੇ ਦਮਨ ਚੱਕਰ ਦੇ ਨਾਲ ਨਾਲ ਸਰਕਾਰ ਦਾ ਵੀ ਦੋਸ਼ ਹੈ। ਭਾਵੇਂ ਕਿ ਪੰਜਾਬ ਵਿਚ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਪਾਰਟੀ ਦੀ ਸਰਕਾਰ ਹੈ ਪਰ ਫਿਰ ਵੀ ਹਾਲਾਤ ਇਹ ਹੋ ਗਏ ਹਨ ਕਿ ਜਿਸ ਤਰ੍ਹਾਂ ਅਤਿਵਾਦ ਦਾ ਹਊਆ ਦਿਖਾ ਕੇ ਸਿੱਖ ਨੌਜਵਾਨਾਂ ਨੂੰ ਫੜ੍ਹਿਆ ਜਾ ਰਿਹਾ ਹੈ ਉਸ ਤੋਂ ਸਿੱਖਾਂ ਵਿਚ ਬੇਗਾਨਗੀ ਦਾ ਅਹਿਸਾਸ ਵੱਧ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਕਿਉਂਕਿ ਆਉਣ ਵਾਲੇ ਸਮੇਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੁਲਿਸ ਦੇ ਦਮਨ ਚੱਕਰ ਦਾ ਅਸਰ ਵਿਧਾਨ ਸਭਾ ਚੋਣਾਂ ਉਪਰ ਸਪੱਸ਼ਟ ਰੂਪ ਵਿਚ ਪਵੇਗਾ।

Trackback(0)
Comments (0)add comment

Write comment
smaller | bigger

security image
Write the displayed characters


busy
 
 
 
 
Copyright © 2011 Sikh Virsa (Punjabi & English Monthly Magazine). All Rights Reserved. Designed by MehraMedia.com